ਨੌਸਰਬਾਜ਼ ਜ਼ਨਾਨੀਆਂ ਨੇ ਬੂਟੀਕ 'ਚ ਮਹਿੰਗੇ ਕੱਪੜਿਆਂ 'ਤੇ ਕੀਤਾ ਹੱਥ ਸਾਫ, ਕੈਪਰੇ 'ਚ ਕੈਦ ਹੋਈ ਕਰਤੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਪੁਲਿਸ ਨੇ ਆਰੰਭੀ ਮਾਮਲੇ ਦੀ ਜਾਂਚ

Theft

ਲੁਧਿਆਣਾ : ਲੋਕਾਂ ਦੇ ਮਾਲ 'ਤੇ ਹੱਥ ਸਾਫ਼ ਕਰਨ ਵਾਲੇ ਨੌਸਰਬਾਜ਼ ਚੋਰੀ ਦੇ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਘਟਨਾਵਾਂ ਨੂੰ ਅੰਜ਼ਾਮ ਦੇਣ ਵਿਚ ਸਫਲ ਹੋ ਜਾਂਦੇ ਹਨ। ਅਜਿਹੇ ਕਾਰਨਾਮੇ ਕਰਨ ਲਈ ਹੁਣ ਕੁੱਝ ਔਰਤਾਂ ਵੀ ਸਰਗਰਮ ਹਨ ਜੋ ਗ੍ਰਾਹਕ ਦੇ ਭੇਸ ਵਿਚ ਦੁਕਾਨਾਂ ਅੰਦਰ ਆਉਂਦੀਆਂ ਹਨ ਅਤੇ ਮੌਕਾ ਮਿਲਣ ਦੇ ਦੁਕਾਨ ਅੰਦਰੋਂ ਕੀਮਤੀ ਸਮਾਨ ਲੈ ਕੇ ਰਫੂਚੱਕਰ ਹੋ ਜਾਂਦੀਆਂ ਹਨ। ਇਕ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਇਕ ਮਾਲ ਅੰਦਰ ਬਣੇ ਬੂਟੀਕ 'ਚ ਵਿਚ ਸਾਹਮਣੇ ਆਇਆ ਹੈ, ਜਿੱਥੇ ਗਾਹਕ ਬਣ ਕੇ ਆਈਆਂ 5 ਨੌਸਰਬਾਜ਼ ਜਨਾਨੀਆਂ ਦੀ ਕਰਤੂਤ ਕੈਮਰੇ ਵਿਚ ਕੈਦ ਹੋਈ ਹੈ।

ਇਨ੍ਹਾਂ ਜਨਾਨੀਆਂ ਨੇ ਬੂਟੀਕ 'ਚੋਂ ਹਜ਼ਾਰਾਂ ਦੀ ਕੀਮਤ ਦੇ ਸੂਟ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਈਆਂ। ਸ਼ੋਅਰੂਮ ਅਤੇ ਮਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਪੁਲਿਸ ਨੇ ਉਕਤ ਜਨਾਨੀਆਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਦੁਕਾਨ ਮਾਲਕ ਜਸਪ੍ਰੀਤ ਕੌਰ ਮੁਤਾਬਕ ਉਨ੍ਹਾਂ ਦੇ ਬ੍ਰਾਂਡ ਦੇ ਸ਼ਹਿਰ 'ਚ 6 ਸ਼ੋਅਰੂਮ ਹਨ।

ਵੀਰਵਾਰ ਦੁਪਹਿਰ ਲਗਭਗ 3.45 ਵਜੇ 5 ਨੌਸਰਬਾਜ਼ ਜਨਾਨੀਆਂ ਸ਼ੋਅਰੂਮ 'ਚ ਗਾਹਕ ਬਣ ਕੇ ਆਈਆਂ। ਪਹਿਲਾਂ ਇਕ ਜ਼ਨਾਨੀ ਸ਼ੋਅਰੂਮ 'ਚ ਵੜੀ ਅਤੇ ਜੁੱਤੀਆਂ ਦੇਖਣ ਲੱਗ ਪਈ। ਅੰਦਰ ਮੌਜੂਦ ਸਟਾਫ਼ ਦਾ ਧਿਆਨ ਉਸ ਵੱਲ ਹੋਇਆ ਤਾਂ ਇਸ ਦਾ ਫ਼ਾਇਦਾ ਚੁੱਕ ਕੇ ਹੋਰ ਜ਼ਨਾਨੀਆਂ ਅੰਦਰ ਵੜ ਗਈਆਂ ਅਤੇ ਸੂਟ ਦੇਖਣ ਲੱਗ ਪਈਆਂ। ਇਨ੍ਹਾਂ ਜ਼ਨਾਨੀਆਂ ਨੇ ਕਾਫੀ ਸੂਟ ਚੋਰੀ ਕੀਤੇ ਅਤੇ 15 ਮਿੰਟਾਂ ਅੰਦਰ ਰਫੂਚੱਕਰ ਹੋ ਗਈਆਂ।

ਚੋਰੀ ਦਾ ਪਤਾ ਲੱਗਦੇ ਹੀ ਸਟਾਫ਼ ਦੀ ਬੀਬੀ ਅੰਜਲੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਮੇਨ ਗੇਟ ਵੱਲ ਭੱਜੀ ਪਰ ਉਕਤ ਜਨਾਨੀਆਂ ਹੱਥ ਨਾ ਆਈਆਂ। ਜਸਪ੍ਰੀਤ ਕੌਰ ਮੁਤਾਬਕ ਉਸ ਨੇ ਮਾਲ 'ਚ ਡਿਊਟੀ 'ਤੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਨੂੰ ਮਦਦ ਲਈ ਕਿਹਾ ਗਿਆ ਪਰ ਕੋਈ ਅੱਗੇ ਨਹੀਂ ਆਇਆ। ਜਸਪ੍ਰੀਤ ਨੇ ਕਿਹਾ ਕਿ ਫ਼ਰਾਰ ਹੋ ਰਹੀ ਇਕ ਨੌਸਰਬਾਜ਼ ਜ਼ਨਾਨੀ ਦਾ ਪਿੱਛਾ ਕਰਦਿਆਂ ਉਸ ਦੀ ਆਟੋ 'ਚ ਬੈਠਦੀ ਦੀ ਵੀਡੀਓ ਬਣਾ ਲਈ, ਜਿਸ 'ਚ ਉਸ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ।