ਗਰੀਬ ਪਰਿਵਾਰ ਨੇ ਧੀ ਦੇ ਵਿਆਹ ਲਈ ਲਗਾਈ ਮਦਦ ਦੀ ਗੁਹਾਰ
ਹਰੇਕ ਮਾਂ-ਬਾਪ ਨੂੰ ਅਪਣੇ ਬੱਚਿਆਂ ਦੇ ਵਿਆਹ ਦਾ ਚਾਅ ਹੁੰਦਾ ਹੈ ਪਰ ਕਈ ਮਾਪੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਚਾਅ ਕਈ ਮਜਬੂਰੀਆਂ ਕਰਕੇ ਅਧੂਰੇ ਹੀ ਰਹਿ ਜਾਂਦੇ ਹਨ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਹਰੇਕ ਮਾਂ-ਬਾਪ ਨੂੰ ਅਪਣੇ ਬੱਚਿਆਂ ਦੇ ਵਿਆਹ ਦਾ ਚਾਅ ਹੁੰਦਾ ਹੈ ਪਰ ਕਈ ਮਾਪੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਚਾਅ ਕਈ ਮਜਬੂਰੀਆਂ ਕਰਕੇ ਅਧੂਰੇ ਹੀ ਰਹਿ ਜਾਂਦੇ ਹਨ। ਅਜਿਹੀ ਹੀ ਇਕ ਮਾਂ ਅਪਣੀ ਧੀ ਦੇ ਵਿਆਹ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹੁਸ਼ਿਆਰ ਨਗਰ ਦੇ ਰਹਿਣ ਵਾਲੇ ਇਸ ਲੋੜਵੰਦ ਪਰਿਵਾਰ ਵਲੋਂ ਆਪਣੀ ਧੀ ਦੇ ਵਿਆਹ ਲਈ ਮਾਲੀ ਮਦਦ ਦੀ ਗੁਹਾਰ ਲਗਾਈ ਗਈ ਹੈ।
ਲੜਕੀ ਦੀ ਮਾਤਾ ਅੰਜਲੀ ਕੋਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਅਤੇ ਇਕ ਲੜਕਾ ਹੈ। ਉਹਨਾਂ ਦੇ ਪਤੀ ਗੁਰਦੇਵ ਸਿੰਘ ਦੀ ਕੁੱਝ ਸਾਲ ਪਹਿਲਾਂ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਤੇ ਉਹ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਕਰਕੇ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਦੀ ਹੈ। ਅੰਜਲੀ ਦਾ ਕਹਿਣਾ ਹੈ ਕਿ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਮੁਸ਼ਕਿਲ ਘੜੀ ਵਿਚ ਉਹਨਾਂ ਦਾ ਸਾਥ ਛੱਡ ਚੁੱਕੇ ਹਨ। ਉਹਨਾਂ ਦੀ ਵੱਡੀ ਬੇਟੀ ਅਰਸ਼ਦੀਪ ਕੌਰ ਦਾ ਵਿਆਹ 11-12 ਮਈ ਨੂੰ ਰੱਖਿਆ ਗਿਆ ਹੈ ਪਰ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਇਹ ਵਿਆਹ ਕਰਨਾ ਸੰਭਵ ਨਹੀਂ ਹੈ।
ਪੀੜ੍ਹਤ ਪਰਿਵਾਰ ਨੇ ਸਮਾਜਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਦੀ ਦੇ ਵਿਆਹ ਲਈ ਯੋਗਦਾਨ ਪਾਇਆ ਜਾਵੇ ਤਾਂ ਜੋ ਉਹਨਾਂ ਦੀ ਲੜਕੀ ਦਾ ਵਿਆਹ ਨੇਪਰੇ ਚੜ੍ਹ ਸਕੇ। ਉੱਥੇ ਹੀ ਸਮਾਜਸੇਵੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਹੀ ਹਾਲਤ ਬਹੁਤ ਮਾੜੀ ਹੈ। ਉਹਨਾਂ ਨੇ ਵੀ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ ਹੈ।