ਇਕਾਂਤਵਾਸ ਕੀਤੇ 36 ਵਿਅਕਤੀ ਘਰਾਂ ਨੂੰ ਪਰਤੇ
ਸਥਾਨਕ ਕਸਬੇ ਅੰਦਰ ਸਥਿਤ ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ....
ਸ੍ਰੀ ਖਡੂਰ ਸਾਹਿਬ- ਸਥਾਨਕ ਕਸਬੇ ਅੰਦਰ ਸਥਿਤ ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਚੱਲਦੇ ਵਿਦਿਅਕ ਅਦਾਰੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ ਬੀਬੀ ਅਮਰੋ ਜੀ ਵਿਖੇ ਇਕਾਂਤਵਾਸ ਕੀਤੇ ਗਏ 36 ਵਿਅਕਤੀਆਂ ਨੂੰ ਅੱਜ ਜਿਲਾਂ ਪ੍ਰਸਾਸ਼ਨ ਅਤੇ ਐਸ.ਡੀ.ਐਮ ਸ੍ਰੀ ਰਜੇਸ਼ ਕੁਮਾਰ ਸ਼ਰਮਾ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਘਰਾਂ ਨੂੰ ਭੇਜ ਦਿੱਤੇ ਗਏ।
ਇਸ ਸੰਬੰਧੀ ਵਿਚ ਜਾਣਕਾਰੀ ਦਿੰਦਿਆਂ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਨਿਰਮਲ ਸਿੰਘ ਗੋਲੂ ਨੇ ਦੱਸਿਆ ਇਹ ਸਾਰੇ ਵਿਅਕਤੀ, ਜਿਨਾਂ ਵਿਚ ਅੱਠ ਔਰਤਾਂ ਵੀ ਸ਼ਾਮਲ ਸਨ ਕਰੋਨਾ ਨੈਗੇਟਿਵ ਪਾਏ ਗਏ ਹਨ। ਸਥਾਨਕ ਪ੍ਰਸ਼ਾਸਨ ਵਲੋਂ ਪਟਵਾਰੀ ਜਰਮਨਦੀਪ ਸਿੰਘ ਅਤੇ ਲਵਦੀਪ ਸਿੰਘ ਵੱਲੋਂ ਸੰਬੰਧਤ ਸੰਗਤ ਨੂੰ ਤੰਦਰੁਸਤ ਹੋਣ ਦੇ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਏ.ਐੇਸ.ਆਈ ਹਰਜਿੰਦਰ ਸਿੰਘ 'ਤੇ ਦਿਲਬਾਗ ਸਿੰਘ ਖਹਿਰਾ ਵੀ ਮੌਜੂਦ ਸਨ। ਉਪਰੋਕਤ 36 ਵਿਅਕਤੀਆਂ ਵਿਚੋਂ 8 ਇੰਗਲੈਂਡ, 15 ਦੁਬਈ, 4 ਸਿੰਘਾਪੁਰ ਅਤੇ 9 ਕੁਵੈਤ ਤੋਂ ਪਰਤੇ ਸਨ।
ਇਸ ਦੌਰਾਨ ਗੱਲਬਾਤ ਕਰਦਿਆਂ ਇੰਗਲੈਡ ਤੋਂ ਪਰਤੇ ਸਰਿੰਦਰ ਸਿੰਘ ਜਮਾਲਪੁਰ 'ਤੇ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਆਦਿ ਨੇ ਕਿਹਾ ਕਿ ਜਿੰਨੇ ਦਿਨ ਵੀ ਅਸੀਂ ਇੱਥੇ ਰਹੇ ਹਾਂ ਸਾਨੂੰ ਬਾਬਾ ਜੀ ਵੱਲੋਂ ਪੂਰੀਆਂ-ਪੂਰੀਆ ਸਹੂਲਤਾਂ ਦਿੱਤੀਆਂ ਗਈਆਂ।
ਇਹਨਾਂ ਵਿਚ ਸਿੰਘਾਪੁਰ ਤੋਂ ਪਰਤੇ ਸ੍ਰੀ ਜੈਮਲ ਸਿੰਘ ਜੋਧਪੁਰ ਨੇ ਕਿਹਾ ਕਿ ਸਿੰਗਾਪੁਰ ਵਿਚ 7 ਅਪ੍ਰੈਲ ਨੂੰ ਲਾਕ-ਡਾਊਨ ਕੀਤਾ ਗਿਆ ਸੀ ਅਤੇ ਉਹ 27 ਮਈ ਤੱਕ ਉਥੇ ਰਹੇ। ਇਸ ਵਿਚਕਾਰ ਸਰਕਾਰ ਅਤੇ ਉਨ੍ਹਾਂ ਨੂੰ ਮੁਲਾਜ਼ਮ ਰੱਖਣ ਵਾਲੀਆਂ ਕੰਪਨੀਆਂ ਦੁਆਰਾ ਨਾ ਸਿਰਫ ਰਿਹਾਇਸ਼ ਅਤੇ ਖਾਣ ਪੀਣ ਦਾ ਖਰਚ ਚੁੱਕਿਆ ਗਿਆ ਸਗੋਂ ਭਾਰਤ ਆਉਣ ਦੀ ਹਵਾਈ ਟਿਕਟ ਵੀ ਖਰੀਦ ਕੇ ਦਿੱਤੀ ਗਈ।
ਉਨ੍ਹਾਂ ਹੋਰ ਕਿਹਾ ਕਿ ਸਾਡਾ ਦੋਨੋ ਪਾਸੇ ਦਾ ਤਜ਼ਰਬਾ ਖੁਸ਼ਗਵਾਰ ਰਿਹਾ। ਇਥੇ ਕਾਰਸੇਵਾ ਦੇ ਸੇਵਕਾਂ ਵਲੋਂ ਘਰ ਨਾਲੋਂ ਵੱਧ ਸਹੂਲਤ ਦਿੱਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।