ਲੁਧਿਆਣਾ ਤਿਹਰਾ ਕਤਲ ਕੇਸ: 15 ਦਿਨ ਬਾਅਦ ਕਾਤਲ ਗ੍ਰਿਫ਼ਤਾਰ, 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀਨਾ ਨਗਰ ਵਿਚ ਵੀ ਇਕ ਔਰਤ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟੀ

Ludhiana triple murder case solve


ਜਲੰਧਰ: ਫਿਲੌਰ ਪੁਲਿਸ ਨੇ 22 ਮਈ ਨੂੰ ਲੁਧਿਆਣਾ ਵਿਚ ਲਾਡੋਵਾਲ ਦੇ ਨੂਰਪੁਰ ਬੇਟ ਵਿਖੇ ਸਾਬਕਾ ਏਐਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਵਿੰਦਰ ਸਿੰਘ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪ੍ਰੇਮ ਚੰਦ ਉਰਫ਼ ਮਿਥੁਨ ਨਾਂਅ ਦੇ ਨੌਜੁਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਤਲ ਦੌਰਾਨ ਸਾਬਕਾ ਏ.ਐਸ.ਆਈ. ਅਤੇ ਉਸ ਦਾ ਪੁੱਤਰ ਰੌਲਾ ਨਾ ਪਾ ਸਕਣ, ਇਸ ਲਈ ਮੁਲਜ਼ਮ ਨੇ ਉਨ੍ਹਾਂ ਦੇ ਗਲੇ ਵਿਚ ਰਾਡ ਪਾ ਦਿਤੀ ਸੀ। ਪੁਲਿਸ ਮੁਤਾਬਕ ਮੁਲਜ਼ਮ ਹੁਣ ਤਕ ਨਸ਼ੇ ਲਈ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਹੈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਨੇ ਕਿਹੜੇ ਸ਼ਹਿਰਾਂ ਵਿਚ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ।

ਇਹ ਵੀ ਪੜ੍ਹੋ: 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਤੇ ਪ੍ਰਵਾਰ ਦੀ ਵਤਨ ਵਾਪਸੀ ਟਲੀ

ਐਸਐਚਓ ਹਰਜਿੰਦਰ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਥਾਣਾ ਫਿਲੌਰ ਵਿਚ ਦੋ ਕੇਸ ਦਰਜ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਉਸ ਵਿਰੁਧ ਹੁਣ ਤਕ 8 ਕੇਸ ਦਰਜ ਹਨ। ਜਿਸ ਵਿਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਗੁਰਦਾਸਪੁਰ ਦੇ ਦੀਨਾ ਨਗਰ ਵਿਚ ਵੀ ਇਕ ਔਰਤ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟ ਦਿਤੀ ਸੀ। ਕਤਲ ਤੋਂ ਬਾਅਦ ਮੁਲਜ਼ਮ 11 ਦਿਨਾਂ ਤਕ ਲੁਧਿਆਣਾ ਅਤੇ ਫਿਲੌਰ ਵਿਚ ਸ਼ਰੇਆਮ ਘੁੰਮਦਾ ਰਿਹਾ, ਜਿਸ ਦੌਰਾਨ ਉਸ ਨੇ ਚਾਰ ਤੋਂ ਪੰਜ ਵਾਰਦਾਤਾਂ ਨੂੰ ਅੰਜਾਮ ਦਿਤਾ।

ਇਹ ਵੀ ਪੜ੍ਹੋ: 48 ਇੰਚ ਕੱਦ ਵਾਲੇ 7 ਸਾਲਾ ਬੱਚੇ ਦੇ 44 ਇੰਚ ਲੰਮੇ ਕੇਸ ਬਣੇ ਖਿੱਚ ਦਾ ਕੇਂਦਰ 

ਮੁਲਜ਼ਮ ਨੇ ਇਸ ਮਾਮਲੇ ਨਾਲ ਸਬੰਧਤ ਅਹਿਮ ਖੁਲਾਸੇ ਕੀਤੇ ਹਨ। ਡੀਐਸਪੀ ਸਬ ਡਵੀਜ਼ਨ ਫਿਲੌਰ ਜਗਦੀਸ਼ ਰਾਜ ਨੇ ਦਸਿਆ ਕਿ ਫਿਲੌਰ ਵਿਚ ਮਿਥੁਨ ਨੇ 4 ਲੋਕਾਂ ਦਾ ਕਤਲ ਕੀਤਾ ਹੈ ਜਦਕਿ 2 ਔਰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹਨ। ਜਾਂਚ 'ਚ ਪਤਾ ਲੱਗਿਆ ਕਿ ਪਿੰਡ ਤਲਵੰਡੀ 'ਚ ਵੀ ਉਸ ਨੇ ਮਾਲਕ ਅਤੇ ਉਸ ਦੇ ਕੁੱਤੇ 'ਤੇ ਗੋਲੀਆਂ ਚਲਾਈਆਂ ਸਨ ਅਤੇ ਰਿਵਾਲਵਰ ਛੱਡ ਕੇ ਫਰਾਰ ਹੋ ਗਿਆ ਸੀ। ਮੁਲਜ਼ਮ ਦੀਨਗਰ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਖੀਰਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦੈ ਪਾਣੀ, ਹੋਣਗੇ ਨੁਕਸਾਨ

ਮੁਲਜ਼ਮ ਪ੍ਰੇਮ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਕਿ ਉਹ ਨਸ਼ੇ ਦਾ ਆਦੀ ਹੈ। 20 ਮਈ ਨੂੰ ਉਸ ਨੇ ਪਿੰਡ ਨੂਰਪੁਰ ਬੇਟ ਵਿਚ ਸਾਬਕਾ ਏ.ਐਸ.ਆਈ. ਅਤੇ ਉਸ ਦੇ ਪ੍ਰਵਾਰ ਦਾ ਇਕੱਲਿਆਂ ਹੀ ਕਤਲ ਕਰ ਦਿਤਾ। ਉਸ ਦਾ ਕਹਿਣਾ ਹੈ ਕਿ ਉਸ ਕੋਲੋਂ ਨਸ਼ੇ ਲਈ ਪੈਸੇ ਖ਼ਤਮ ਹੋ ਗਏ ਸਨ, ਜਿਸ ਕਾਰਨ ਉਸ ਨੇ ਪਹਿਲਾਂ ਕੁਲਦੀਪ ਦੇ ਘਰ ਦੀ ਰੇਕੀ ਕੀਤੀ ਅਤੇ ਫਿਰ ਘਰ ਵਿਚ ਦਾਖ਼ਲ ਹੋਇਆ। ਪਹਿਲਾਂ ਉਸ ਨੇ ਸਾਬਕਾ ਏ.ਐਸ.ਆਈ. ਉਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਉਸ ਦੇ ਗਲੇ ਵਿਚ ਰਾਡ ਪਾ ਦਿਤੀ ਗਈ ਤਾਂ ਜੋ ਉਹ ਆਵਾਜ਼ ਨਾ ਕਰ ਸਕੇ। ਫਿਰ ਦੂਜੇ ਕਮਰੇ ਵਿਚ ਸੁੱਤੇ ਪਏ ਉਸ ਦੀ ਪਤਨੀ ਅਤੇ ਪੁੱਤਰ ਦੀ ਵੀ ਰਾਡ ਮਾਰ ਕੇ ਹਤਿਆ ਕਰ ਦਿਤੀ। ਕਤਲ ਮਗਰੋਂ ਉਸ ਨੇ ਘਰ ਵਿਚ ਹੀ ਚਿਟੇ ਦਾ ਟੀਕਾ ਵੀ ਲਗਾਇਆ।

ਇਹ ਵੀ ਪੜ੍ਹੋ: BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ, 3.2 ਕਿਲੋਗ੍ਰਾਮ ਹੈਰੋਇਨ ਬਰਾਮਦ

ਇਸ ਤੋਂ ਬਾਅਦ ਉਸ ਨੇ ਘਰ 'ਚੋਂ 10 ਹਜ਼ਾਰ ਦੀ ਨਕਦੀ, ਸੋਨੇ ਦੇ ਬਰੇਸਲੇਟ, ਕੰਨਾਂ ਦੀਆਂ ਵਾਲੀਆਂ, ਮੁੰਦਰੀਆਂ, ਤਿੰਨ ਚੇਨ ਚੋਰੀ ਕੀਤੀਆਂ ਅਤੇ ਫਿਰ ਮੋਟਰਸਾਈਕਲ ਲੈ ਕੇ ਚਲਾ ਗਿਆ। ਬਾਈਕ ਲੈ ਕੇ ਉਹ ਪਿੰਡ ਤਲਵੰਡੀ ਗਿਆ ਅਤੇ ਉਥੇ ਉਸ ਨੇ ਦੋ ਗੋਲੀਆਂ ਚਲਾ ਕੇ ਇਕ ਮਹਿਲਾ ਤਸਕਰ ਕੋਲੋਂ 20 ਗ੍ਰਾਮ ਚੂਰਾ ਪੋਸਤ ਖੋਹ ਲਿਆ। ਫਿਰ ਬਾਈਕ ਲੈ ਕੇ ਮੁਕੇਰੀਆਂ ਪਹੁੰਚਿਆ ਅਤੇ ਉਥੇ ਬਾਈਕ ਨੂੰ ਦਰਿਆ 'ਚ ਸੁੱਟ ਦਿਤਾ। 22 ਮਈ ਨੂੰ ਉਸ ਨੇ ਸਾਬਕਾ ਏਐਸਆਈ ਦੇ ਘਰੋਂ ਚੋਰੀ ਕੀਤੀ ਪਿਸਤੌਲ ਫਿਲੌਰ ਰੇਲਵੇ ਸਟੇਸ਼ਨ ਨੇੜੇ ਟੋਇਆਂ ਵਿਚ ਛੁਪਾ ਦਿਤੀ ਸੀ। ਫਿਰ ਉਹ ਦਿੱਲੀ ਪਹੁੰਚ ਗਿਆ ਅਤੇ ਉਥੋਂ ਕਾਨਪੁਰ ਗਿਆ।

5 ਦਿਨਾਂ ਬਾਅਦ ਮੁੜ ਲੁਧਿਆਣਾ ਆਇਆ ਅਤੇ ਚੌੜਾ ਬਾਜ਼ਾਰ ਨੇੜਿਉਂ ਮੋਟਰਸਾਈਕਲ ਚੋਰੀ ਕੀਤਾ। ਇਸ ਮਗਰੋਂ 28 ਮਈ ਨੂੰ ਉਹ ਗੱਡਾ ਦੀ ਗੋਪਾਲ ਕਾਲੋਨੀ ਵਿਚ ਅਪਣੀ ਭੈਣ ਦੇ ਘਰ ਗਿਆ ਸੀ। ਉਥੇ ਇਕ ਹੋਰ ਔਰਤ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ 4600 ਰੁਪਏ ਲੈ ਕੇ ਫਰਾਰ ਹੋ ਗਿਆ। ਫਿਲੌਰ ਪੁਲਿਸ ਨੇ ਦੋ ਦਿਨ ਪਹਿਲਾਂ ਨਾਕੇ ’ਤੇ ਮੁਲਜ਼ਮ ਮਿਥੁਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ। ਉਸ ਦੀ ਨਿਸ਼ਾਨਦੇਹੀ 'ਤੇ ਕਈ ਵਾਹਨ ਵੀ ਮਿਲੇ ਹਨ। ਉਸ ਨੇ ਦਸਿਆ ਕਿ ਉਹ 100 ਤੋਂ ਵੱਧ ਵਾਰਦਾਤਾਂ ਕਰ ਚੁਕਿਆ ਹੈ। ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਦੀਨਾਨਗਰ ਵਿਚ ਔਰਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਗਟਰ ਵਿਚ ਸੁੱਟ ਦਿਤੀ ਗਈ। ਉਸ ਨੇ ਲੁਧਿਆਣਾ ਵਿਚ ਟ੍ਰਿਪਲ ਕਤਲ ਵੀ ਕੀਤਾ ਸੀ।