ਬ੍ਰਹਮ ਮਹਿੰਦਰਾ ਵਲੋਂ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

800 ਫਾਇਰ ਕਰਮੀਆਂ ਦੀ ਭਰਤੀ ਜਲਦ ਹੋਵੇਗੀ: ਬ੍ਰਹਮ ਮਹਿੰਦਰਾ

Brahm Mohindra flags off 20 new Fire Tenders

ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸੂਬੇ ਵਿਚ ਫਾਇਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ 20 ਨਵੇਂ ਫਾਇਰ ਟੈਂਡਰਾਂ ਨੂੰ ਸ਼ਾਮਲ ਕੀਤਾ ਗਿਆ। ਅੱਜ ਇਥੇ ਸੈਕਟਰ-35 ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਮਹਿੰਦਰਾ ਵਲੋਂ ਇਨ੍ਹਾਂ ਨਵੇਂ 20 ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ/ਕਸਬਾ ਵਾਸੀਆਂ ਦੀ ਮੰਗ, ਸਥਾਨਕ ਵਸੋਂ ਅਤੇ ਸਥਾਨਕ ਸਨਅਤਾਂ ਦੀਆਂ ਜ਼ਰੂਰਤਾਂ ਮੁਤਾਬਕ ਇਨ੍ਹਾਂ ਨਵੇਂ 20 ਫਾਇਰ ਟੈਂਡਰਾਂ ਨੂੰ ਸ਼ਹਿਰ/ਕਸਬੇ ਅਲਾਟ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਤੌਰ ’ਤੇ ਫਾਇਰ ਟੈਂਡਰ ਭੇਜਿਆ ਗਿਆ ਹੈ। ਫਾਇਰ ਸੇਵਾਵਾਂ ਲਈ ਇਸ ਤੋਂ ਪਹਿਲਾਂ 186 ਫਾਇਰ ਟੈਂਡਰ ਮੌਜੂਦ ਸਨ ਅਤੇ ਅੱਜ ਨਵੇਂ ਸ਼ਾਮਲ ਕੀਤੇ 20 ਫਾਇਰ ਟੈਂਡਰਾਂ ਨੂੰ ਮਿਲਾ ਕੇ ਕੁੱਲ ਗਿਣਤੀ 206 ਹੋ ਗਈ। ਮਹਿੰਦਰਾ ਨੇ ਕਿਹਾ ਕਿ ਸੂਬੇ ਵਿਚ ਅੱਗ ਲੱਗਣ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਫਾਇਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 800 ਨਵੇਂ ਫਾਇਰ ਕਰਮੀਆਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਫਾਇਰ ਸੇਫ਼ਟੀ ਸਬੰਧੀ ਵੱਡੀ ਰਾਹਤ ਦਿੰਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਕਿਸੇ ਵੀ ਇਮਾਰਤ ਲਈ ਫਾਇਰ ਸੇਫ਼ਟੀ ਬਾਰੇ ਇਤਰਾਜ਼ਹੀਣਤਾ ਸਰਟੀਫਿਰੇਟ (ਐਨ.ਓ.ਸੀ.) ਹਾਸਲ ਕਰਨ ਲਈ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ, ਸਗੋਂ ਇਹ ਸਰਟੀਫਿਕੇਟ ਆਨਲਾਈਨ ਹਾਸਲ ਕੀਤਾ ਜਾ ਸਕਦਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਸ ਮੌਕੇ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵੱਡੀ ਇਕੱਤਰਤਾ ਵਾਲੀ ਥਾਂ ਜਿਵੇਂ ਕਿ ਮਲਟੀਪਲੈਕਸ, ਮੈਰਿਜ ਪੈਲੇਸ, ਕੋਚਿੰਗ ਸੈਂਟਰ,

ਵਿਦਿਅਕ ਸੰਸਥਾਵਾਂ ਜਾਂ ਸਨਅਤਾਂ ਆਦਿ ਵਿਚ ਨੈਸ਼ਨਲ ਬਿਲਡਿੰਗ ਕੋਡ (ਐਨ.ਬੀ.ਸੀ.) ਦੇ ਦਿਸ਼ਾਂ ਨਿਰਦੇਸ਼ਾਂ ਦੀ ਹਰ ਹੀਲੇ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਲਣਾ ਲਈ ਵਿਭਾਗ ਵਲੋਂ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿਤਾ ਗਿਆ ਅਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਐਨ.ਬੀ.ਸੀ. ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁਧ ਕਾਰਵਾਈ ਹੋਵੇਗੀ। ਇਸ ਮੌਕੇ ’ਤੇ ਡਾਇਰੈਕਟਰ ਸਥਾਨਕ ਸਰਕਾਰਾਂ ਸ਼੍ਰੀ ਕਰਨੇਸ਼ ਸ਼ਰਮਾ ਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।