1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੇ ਸੰਭਾਲਿਆ DGP ਪੰਜਾਬ ਦਾ ਵਾਧੂ ਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ 'ਤੇ ਚਲੇ ਗਏ ਹਨ। ਉਹਨਾਂ ਨੇ ਕੇਂਦਰ ਵਿਚ ਡੈਪੂਟੇਸ਼ਨ ਲਈ ਅਰਜ਼ੀ ਦਿੱਤੀ ਹੈ।

Gaurav Yadav on Tuesday assumed the additional charge of DGP Punjab



ਚੰਡੀਗੜ੍ਹ: 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਦੇਰ ਰਾਤ ਉਹਨਾਂ ਨੂੰ ਕਾਰਜਕਾਰੀ ਡੀਜੀਪੀ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ 'ਤੇ ਚਲੇ ਗਏ ਹਨ। ਉਹਨਾਂ ਨੇ ਕੇਂਦਰ ਵਿਚ ਡੈਪੂਟੇਸ਼ਨ ਲਈ ਅਰਜ਼ੀ ਦਿੱਤੀ ਹੈ। ਯਾਦਵ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਹਨ।

Gaurav Yadav on Tuesday assumed the additional charge of DGP Punjab

ਇਹ ਜ਼ਿੰਮੇਵਾਰੀ ਸੰਭਾਲਣ ਮਗਰੋਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਗੌਰਵ ਯਾਦਵ ਨੇ ਕਿਹਾ ਕਿ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਜੀਹ ਗੈਂਗਸਟਰਾਂ ਅਤੇ ਨਸ਼ਿਆਂ 'ਤੇ ਸ਼ਿਕੰਜਾ ਕੱਸਣਾ ਹੈ। ਅਸੀਂ ਸੂਬੇ ਨੂੰ ਸੁਰੱਖਿਅਤ ਮਾਹੌਲ ਦੇਵਾਂਗੇ। ਪੁਲਿਸ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਇਸ ਲਈ ਅਸੀਂ ਅਜਿਹਾ ਮਾਹੌਲ ਸਿਰਜਾਂਗੇ ਜਿਸ ਵਿਚ ਲੋਕਾਂ ਦਾ ਪੂਰਾ ਸਹਿਯੋਗ ਹੋਵੇ।

 

ਗੌਰਵ ਯਾਦਵ ਨੂੰ ਚਾਰਜ ਸੌਂਪਣ ਤੋਂ ਬਾਅਦ ਸਰਕਾਰ ਨੇ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਹੈ। 1988 ਬੈਚ ਦੇ ਪ੍ਰਬੋਧ ਕੁਮਾਰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸਨ, ਉਹ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਤਾਇਨਾਤ ਹਨ। 1989 ਬੈਚ ਦੇ ਸੰਜੀਵ ਕਾਲੜਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੋਂ ਸਪੈਸ਼ਲ ਡੀਜੀਪੀ ਹੋਮ ਗਾਰਡ ਵਜੋਂ ਤਾਇਨਾਤ ਕੀਤਾ ਗਿਆ ਹੈ।

Gaurav Yadav

ਸੁਧਾਂਸ਼ੂ ਸ੍ਰੀਵਾਸਤਵ ਨੂੰ ਪੰਜਾਬ ਦਾ ਨਵਾਂ ਏਡੀਜੀਪੀ ਸੁਰੱਖਿਆ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਈਜੀ ਜਤਿੰਦਰ ਔਲਖ ਏਡੀਜੀਪੀ ਵਜੋਂ ਖੁਫੀਆ ਵਿਭਾਗ ਦਾ ਚਾਰਜ ਸੰਭਾਲਣਗੇ। ਇਸ ਤੋਂ ਇਲਾਵਾ ਸ਼ਰਦ ਸੱਤਿਆ ਚੌਹਾਨ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ। ਹਰਪ੍ਰੀਤ ਸਿੱਧੂ ਐਸਟੀਐਫ ਦੇ ਡੀਜੀਪੀ ਅਤੇ ਜੇਲ੍ਹਾਂ ਦਾ ਚਾਰਜ ਸੰਭਾਲਦੇ ਰਹਿਣਗੇ। ਕੁਲਦੀਪ ਸਿੰਘ ਇੰਟਰਨਲ ਵਿਜੀਲੈਂਸ ਸੈੱਲ ਦੇ ਡੀਜੀਪੀ ਹੋਣਗੇ।