ਜ਼ਹਿਰੀਲੀ ਸ਼ਰਾਬ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਮਿਲਣ ਸਖ਼ਤ ਸਾਜ਼ਾਵਾਂ ਤੇ ਕੁਰਕ ਹੋਵੇ ਜਾਇਦਾਦ: ਡਾ. ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਸਮੇਤ ਹੋਰ ਪਾਰਟੀ 'ਚ ਜਾਣ ਦੀਆਂ ਸੰਭਾਵਨਾਵਾਂ ਤੋਂ ਕੀਤਾ ਇਨਕਾਰ

Dr. Navjot Kaur Sidhu

ਭੀਖੀ : ਸਥਾਨਕ ਡੇਰਾ ਬਾਬਾ ਬਲਵੰਤ ਮੁਨੀ ਵਿਖੇ ਅਪਣੇ ਨਿਜੀ ਦੌਰੇ 'ਤੇ ਆਏ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਾਝੇ ਦੇ ਬਟਾਲਾ, ਤਰਨਤਾਰਨ ਅਤੇ ਸ੍ਰੀ ਅ੍ਰਮਿੰਤਸਰ ਸਾਹਿਬ ਵਿਖੇ ਵਾਪਰੇ ਨਕਲੀ ਸ਼ਰਾਬ ਦੁਖਾਂਤ ਨਾਲ ਜਿੱਥੇ ਬੇ-ਦੋਸ਼ੀਆਂ ਦੀਆਂ ਜਾਨਾਂ ਗਈਆਂ ਹਨ, ਉਥੇ ਇਹ ਪ੍ਰਸ਼ਾਸਨ ਅਤੇ ਸਰਕਾਰ ਲਈ ਵੀ ਇਹ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਸਿੰਥੈਟਿਕ ਸ਼ਰਾਬ ਦੇ ਤਸਕਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਨਾਲ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਵੀ ਕੁਰਕ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਧੰਦਾ ਕਰਨ ਦੀ ਹਿੰਮਤ ਨਾ ਕਰੇ।

ਆਪਣੀ ਸਰਕਾਰ ਵਿਰੁਧ ਦੋ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸੇਰ ਸਿੰਘ ਦੂਲੋ ਵਲੋਂ ਸੂਬੇ ਦੇ ਰਾਜਪਾਲ ਨੂੰ ਮਿਲ ਕੇ ਇਸ ਸਾਰੇ ਮਾਮਲੇ ਦੀ ਈ.ਡੀ ਤੋਂ ਕੀਤੀ ਜਾਂਚ ਦੀ ਮੰਗ ਅਤੇ ਰਾਜਨੀਤਕ ਬੰਦਿਆਂ ਦੀ ਸ਼ਮੂਲੀਅਤ ਸਬੰਧੀ ਕੀਤੀ ਮੰਗ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਜੇਕਰ ਕਿਸੇ ਵੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਹਸਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ 'ਤੇ ਵੀ ਸਖ਼ਤ ਕਾਰਵਾਈ ਹੋਵੇ।

ਪਿਛਲੇ ਦਿਨੀ ਚਰਚਾ ਵਿਚ ਆਏ ਉਨ੍ਹਾਂ ਦੇ ਟਵੀਟ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸੱਚੀ ਅਤੇ ਲੋਕ ਹਿਤੈਸ਼ੀ ਰਾਜਨੀਤੀ ਦੇ ਹੱਕ ਵਿਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਹ ਅਪਣੇ ਪਹਿਲਾ ਵਾਲੇ ਪੱਖ ਹਮੇਸ਼ਾ ਕਾਇਮ ਹਨ।

ਉਨ੍ਹਾਂ ਭਾਜਪਾ ਜਾਂ ਕਿਸੇ ਹੋਰ ਦਲ ਵਿਚ ਜਾਣ ਦੀਆਂ ਸੰਭਾਵਨਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਉਹ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਤੱਤਪਰਤਾ ਨਾਲ ਕਰ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਅਯੁੱਧਿਆ ਵਿਖੇ ਅੱਜ ਰਾਮ ਮੰਦਰ ਦੇ ਨੀਂਹ ਪੱਥਰ ਅਤੇ ਭੂਮੀ ਪੂਜਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿ ਸੰਤ ਮਹਾਂਤਮਾ ਦੀ ਸੰਗਤ ਨਾਲ ਜਿਥੇ ਜੀਵਨ ਸੁਖਦਾਈ ਅਤੇ ਸਰਲ ਹੁੰਦਾ ਹੈ ਉਥੇ ਮਨੁੱਖ ਸਮਾਜਕ ਅਤੇ ਇਖ਼ਲਾਕੀ ਕੁਰੀਤੀਆਂ ਤੋਂ ਵੀ ਬਚਿਆ ਰਹਿੰਦਾ ਹੈ।

ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਨਾਲ ਦੇਸ਼ ਵਾਸੀਆਂ ਦੀ ਲੰਬੇ ਸਮੇਂ ਤੋਂ ਜੋ ਇੱਛਾ ਸੀ ਪੂਰੀ ਹੋ ਗਈ ਹੈ ਅਤੇ ਇਥੋਂ ਸਮੂਹ ਮਨੁੱਖਤਾ ਨੂੰ ਆਪਸੀ ਭਾਈਚਾਰੇ ਅਤੇ ਅਹਿੰਸਾ ਦਾ ਮਾਰਗ ਦਰਸ਼ਨ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।