ਪੁਲਿਸ ਤੇ ਵਕੀਲਾਂ ਵਿਚਕਾਰ ਕੁੱਟਮਾਰ ਦੀ ਘਟਨਾ ਨਿੰਦਣਯੋਗ : ਹਰਿੰਦਰ ਸਿੰਘ ਚਹਿਲ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ - ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

Harinder Singh Chahal

ਚੰਡੀਗੜ੍ਹ : ਬੀਤੇ ਦਿਨੀਂ ਦਿੱਲੀ ਵਿਖੇ ਤੀਸ ਹਜਾਰੀ ਕੋਰਟ ਵਿਚ ਜੋ ਵਕੀਲਾਂ ਦਾ ਅਤੇ ਦਿੱਲੀ ਪੁਲਿਸ ਦਾ ਆਪਸ ਵਿਚ ਇਕ-ਦੂਜੇ ਨੂੰ ਮਾਰਨ ਜਾਂ ਇਕੱਠੇ ਹੋ ਕੇ ਪੁਲਿਸ ਨੂੰ ਮਾਰਨ ਦੀ ਜੋ ਘਟਨਾ ਹੋਈ ਹੈ, ਉਸ ਦੀ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਅਤੇ ਜਵਾਨ ਸਖ਼ਤ ਲਫ਼ਜਾਂ ਵਿਚ ਨਿਖੇਥੀ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡੀ.ਆਈ.ਜੀ. ਪੁਲਿਸ ਹਰਿੰਦਰ ਸਿੰਘ ਚਹਿਲ ਨੇ ਕੀਤਾ।

ਦਿੱਲੀ ਦੀ ਇਸ ਘਟਨਾ ਬਾਰੇ ਅੱਜ ਦਰਜਨਾਂ ਹੀ ਸਾਬਕਾ ਪੁਲਿਸ ਅਧਿਕਾਰੀਆਂ ਵਲੋਂ ਪੰਜਾਬ ਪੁਲਿਸ ਵੈਲਫ਼ੇਅਰ ਐਸੋਸੀਏਸ਼ਨ ਦੇ ਦਫ਼ਤਰ ਵਿਚ ਮੀਟਿੰਗ ਹੋਈ। ਇਸ ਦੌਰਾਨ ਇਕ ਪ੍ਰੈਸ ਬਿਆਨ 'ਚ ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਵਲੋਂ ਪੁਲਿਸ 'ਤੇ ਹਮਲੇ ਦੀ ਘਟਵਾਨਾਂ ਆਮ ਤੌਰ 'ਤੇ ਸਾਹਮਣੇ ਆਉਂਦੀਆਂ ਹਨ ਪਰ ਜਿਸ ਦੇਸ਼ ਵਿਚ ਕਾਨੂੰਨ ਦੇ ਰਾਖੇ ਭਾਵੇਂ ਪੁਲਿਸ ਅਤੇ ਵਕੀਲ ਆਪਸ ਵਿਚ ਦੰਗਾ-ਫਸਾਦ, ਕੁੱਟਮਾਰ, ਗੱਡੀਆਂ ਨੂੰ ਸਾੜਨ ਦਾ ਘਿਨੌਣਾ ਕਾਰਾ ਕਰਨ, ਉਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਾਂਚ ਪੁਲਿਸ ਅਫ਼ਸਰਾਂ ਨੂੰ ਮੁਸੱਤਲ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਕੋਈ ਵੀ ਸੰਸਥਾ ਜਾਂ ਭਾਈਚਾਰਾ ਪੁਲਿਸ ਹੋਵੇ ਜਾਂ ਵਕੀਲ, ਸਾਰੇ ਲੋਕ ਮਾੜੇ ਨਹੀਂ ਹੁੰਦੇ। ਇਨ੍ਹਾਂ 'ਚੋਂ ਕੁਝ ਕੁ ਮਾੜੇ ਹੁੰਦੇ ਹਨ, ਜਿਨ੍ਹਾਂ ਕਰ ਕੇ ਸੰਸਥਾਵਾਂ ਬਦਨਾਮ ਹੁੰਦੀਆਂ ਹੈ। 

ਸ. ਚਹਿਲ ਨੇ ਕਿਹਾ ਕਿ ਦਿੱਲੀ 'ਚ ਹੋਈ ਇਸ ਘਟਨਾ ਦੀ ਜਾਂਚ ਕਰ ਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਲਿਸ ਦੀ ਸੁਰੱਖਿਆ ਲਈ ਕੋਈ ਠੋਸ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਵਕੀਲਾਂ ਵਲੋਂ ਪੁਲਿਸ ਨੂੰ ਇਸ ਤਰ੍ਹਾਂ ਕੁੱਟਣਾ-ਮਾਰਨਾ ਅਤੇ ਇਕਤਰਫ਼ਾ ਕਾਰਵਾਈ ਕਰਦਿਆਂ ਪੁਲਿਸ ਅਫ਼ਸਰਾਂ ਦੇ ਵਿਰੁਧ ਐਕਸ਼ਨ ਲੈਣ ਬਹੁਤ ਹੀ ਮੰਦਭਾਗਾ ਹੈ।