ਸਾਬਕਾ ਡੀਆਈਜੀ ਚਾਹਲ ਵੱਲੋਂ ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੇ ਜ਼ਹਿਰ ਨੇ ਗਰੀਬ ਮਾਂ ਬਾਪ ਕੋਲੋਂ ਪੰਜਾਬ ਦੇ ਕਿੰਨੇ ਹੀ ਜਵਾਨ ਪੁੱਤ ਖੋਹ ਲਏ ਹਨ।

Ex DIG Harinder Singh Chahal helps victim family

ਚੰਡੀਗੜ੍ਹ, ਨਸ਼ੇ ਦੇ ਜ਼ਹਿਰ ਨੇ ਗਰੀਬ ਮਾਂ ਬਾਪ ਕੋਲੋਂ ਪੰਜਾਬ ਦੇ ਕਿੰਨੇ ਹੀ ਜਵਾਨ ਪੁੱਤ ਖੋਹ ਲਏ ਹਨ। ਪਰ ਬਹੁਤ ਥੋੜੇ ਹੀ ਇਨਸਾਨ ਅਜਿਹੇ ਹੁੰਦੇ ਹਨ ਜੋ ਅਜਿਹੇ ਨਾ ਸਹਿਣ ਕਰਨ ਵਾਲੇ ਦੁਖਾਂ ਵਿਚ ਮੋਢੇ ਨਾਲ ਮੋਢਾ ਜੋੜਕੇ ਖੜੇ ਹੁੰਦੇ ਹਨ। ਬੀਤੇ ਦਿਨੀ ਲਹਿਰੀ 'ਚ ਇੱਕ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਹਰਗੋਬਿੰਦ ਸਿੰਘ ਵਜੋਂ ਹੋਈ ਜੋ ਕਿ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।

ਹਰਗੋਬਿੰਦ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਵਾਰਸਾਂ 'ਚ 'ਜਾਗੋ ਨਸ਼ੇ ਤਿਆਗੋ' ਦੇ ਮੋਢੀ ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਅਤੇ ਅਦਾਕਾਰ ਅਤੇ ਫਿਲਮ ਨਿਰਮਾਤਾ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ 10 ਹਜ਼ਾਰ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿਤੀ ਅਤੇ ਹਰਗੋਬਿੰਦ ਦੀ ਬੇਟੀ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਲੈ ਕੇ ਇਸ ਔਖੀ ਘੜੀ 'ਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਨੇ ਨਾਲ ਹੀ ਪੀੜਤ ਪਰਿਵਾਰ ਲਈ ਸਰਕਾਰ ਅੱਗੇ ਪੈਨਸ਼ਨ ਲਈ ਵੀ ਅਪੀਲ ਕੀਤੀ ਅਤੇ ਵਾਰਸਾਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ। ਸਾਬਕਾ ਡੀ ਆਈ ਜੀ ਚਾਹਲ ਨੇ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਅਜਿਹੇ ਨਸ਼ੇ ਦੇ ਕਾਰੋਬਾਰ ਕਾਰਨ ਵਾਲਿਆਂ 'ਤੇ ਸਖ਼ਤ ਸ਼ਿਕੰਜਾ ਕਸੇ ਜਾਣ ਦੀ ਗੱਲ ਵੀ ਕਹੀ।

ਮ੍ਰਿਤਕ ਦੀ ਮਾਤਾ ਗੁਲਾਬ ਕੌਰ, ਹਰਬੰਸ ਕੌਰ, ਬਾਜੀਤ ਸਿੰਘ ਅਤੇ ਕਿਸਾਨ ਆਗੂ ਦਲਜੀਤ ਸਿੰਘ ਨੇ ਸ. ਹਰਿੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੇ ਸਪੁੱਤਰ ਗੁਲਜ਼ਾਰਇੰਦਰ ਸਿੰਘ ਚਾਹਲ ਦਾ ਨਮ ਅੱਖਾਂ ਨਾਲ ਧੰਨਵਾਦ ਕੀਤਾ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ 'ਤੇ ਰੋਸ ਪ੍ਰਗਟ ਕਰਦਿਆਂ ਆਪਣੇ ਨੌਜਵਾਨ ਪੁੱਤਰ ਸੀ ਮੌਤ ਦਾ ਦਰਦ ਜ਼ਾਹਿਰ ਕੀਤਾ।

ਇਸ ਦੁੱਖ ਦੀ ਘੜੀ 'ਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਪੀੜਤ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਆਏ, ਜਿਨ੍ਹਾਂ ਵਿਚ ਸਰਪੰਚ ਕੁਲਵੰਤ ਸਿੰਘ, ਹੌਲਦਾਰ ਸੁਖਪਾਲ ਪਾਲੀ, ਸਹਾਇਕ ਥਾਣੇਦਾਰ ਗੁਰਪਾਲ ਸਿੰਘ, ਹੌਲਦਾਰ ਹਰਭਜਨ ਸਿੰਘ, ਬੱਸ ਮੈਨੇਜਰ ਚੰਦ ਸਿੰਘ, ਕਲੱਬ ਪ੍ਰਧਾਨ ਗੁਰਲਾਭ ਸਿੰਘ, ਬੱਬੂ ਸਿੰਘ, ਮਿੱਠੂ ਸਿੰਘ, ਯੂਥ ਆਗੂ ਸਤਪਾਲ ਲਹਿਰੀ, ਸਾਬਕਾ ਸਰਪੰਚ ਗੁਰਮੀਤ ਸਿੰਘ ਸ਼ਾਮਿਲ ਸਨ।