ਪਾਕਿਸਤਾਨ ਸਰਕਾਰ ਦੇ ਫੈਸਲੇ ਨੇ ਸਿੱਖਾਂ ਦੇ ਦਿਲ 'ਤੇ ਸੱਟ ਮਾਰੀ- ਹਰਸਿਮਰਤ ਬਾਦਲ
ਬੀਬੀ ਬਾਦਲ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ
ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਵਾਪਸ ਲੈਣ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਦੇਸ਼ ਦੀ ਸਰਕਾਰ ਨੇ ਕਿਸੇ ਭਾਈਚਾਰੇ ਦੇ ਧਾਰਮਕ ਸਥਾਨ 'ਤੇ ਕਬਜ਼ਾ ਕੀਤਾ ਹੋਵੇ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਨੇ ਸਿੱਖਾਂ ਦੇ ਦਿਲ 'ਤੇ ਸੱਟ ਮਾਰੀ ਹੈ।
ਦੱਸ ਦਈਏ ਕਿ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਇਕ ਗ਼ੈਰ-ਸਿੱਖ ਸੰਸਥਾ ਈਟੀਬੀਪੀ ਨੂੰ ਸੌਂਪ ਦਿੱਤੇ ਜਾਣ ਨੂੰ ਲੈ ਕੇ ਸਾਰੇ ਸਿੱਖ ਜਗਤ ਵਿਚ ਰੋਸ ਹੈ। ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾਐਸ ਜੈਸ਼ੰਕਰ ਨੂੰ ਅਪੀਲ ਕੀਤੀ।
ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਤੁਰੰਤ ਇਸ ਵਿਸ਼ੇ 'ਤੇ ਗੱਲਬਾਤ ਕਰਨ, ਤਾਂ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਅਸਥਾਨ ਦੇ ਪ੍ਰਬੰਧਨ ਦਾ ਬਣਦਾ ਹੱਕ, ਛੇਤੀ ਤੋਂ ਛੇਤੀ ਉਸ ਨੂੰ ਮੁੜ ਦਿੱਤਾ ਜਾ ਸਕੇ।