ਛੱਤੀਸਗੜ੍ਹ ਵਿਚ ਮਾਰੇ ਗਏ ਜਵਾਨਾਂ 'ਚ ਪਿੰਡ ਜਾਂਗਪੁਰ ਦਾ ਦਲਜੀਤ ਸਿੰਘ ਵੀ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਤੀਸਗੜ੍ਹ ਦੇ ਨਰਾਇਣਪੁਰ ਇਲਾਕੇ ਅੰਦਰ ਆਈ.ਟੀ.ਬੀ.ਦੇ ਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਜਵਾਨ ਵਲੋਂ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ

Daljit Singh Family

ਮੁੱਲਾਂਪੁਰ ਦਾਖਾ  (ਕੁਲਦੀਪ ਸਿੰਘ ਸਲੇਮਪੁਰੀ/ਰਾਹੁਲ ਗਰੋਵਰ) : ਛੱਤੀਸਗੜ੍ਹ ਦੇ ਨਰਾਇਣਪੁਰ ਇਲਾਕੇ ਅੰਦਰ ਆਈ.ਟੀ.ਬੀ.ਦੇ ਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਜਵਾਨ ਵਲੋਂ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ ਜਵਾਨਾਂ 'ਚੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਜਾਂਗਪੁਰ ਦਾ ਨੌਜਵਾਨ ਦਲਜੀਤ ਸਿੰਘ (42) ਪੁੱਤਰ ਸਵ. ਸੂਬੇਦਾਰ ਗੁਰਦੇਵ ਸਿੰਘ ਵੀ ਸ਼ਾਮਲ ਹੈ। ਜਿਹੜਾ ਕਿ ਅਜੇ ਕਰੀਬ ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਡਿਉਟੀ 'ਤੇ ਗਿਆ ਸੀ।

ਦੁਪਿਹਰ ਤਕ ਪਰਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਮੀਡੀਆ ਕਰਮਚਾਰੀਆਂ ਨੇ ਪੀੜਤ ਪਰਵਾਰ ਦੇ ਘਰ ਜਾ ਕੇ ਪੁੱਛਿਆ ਤਾਂ ਬੇਖ਼ਬਰ ਪਰਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਘਰ ਵਿਚ ਦਲਜੀਤ ਸਿੰਘ ਦੇ ਫ਼ੌਜ ਵਿਚੋਂ ਛੁੱਟੀ ਆਏ ਵੱਡੇ ਭਰਾ ਮਨਜੀਤ ਸਿੰਘ ਅਤੇ ਉਸ ਦੀ ਭਰਜਾਈ ਘਰ ਵਿਚ ਮੌਜੂਦ ਸਨ।

ਇਸ ਦਰਦਨਾਕ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਮਨਜੀਤ ਸਿੰਘ ਅਪਣੀ ਭਰਜਾਈ ਅਤੇ ਦਲਜੀਤ ਸਿੰਘ ਦੀ ਪੀ.ਏ.ਯੂ ਲੁਧਿਆਣਾ ਵਿੱਖੇ ਨੌਕਰੀ ਕਰਦੀ ਪਤਨੀ ਹਰਪ੍ਰੀਤ ਕੌਰ ਨੂੰ ਲੈਣ ਲਈ ਚਲਾ ਗਿਆ। ਇਹ ਖ਼ਬਰ ਪੂਰੇ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪਿੰਡ ਜਾਂਗਪੁਰ ਵਿਖੇ ਪੀੜਤ ਪਰਵਾਰ ਨਾਲ ਹਮਦਰਦੀ ਜਤਾਉਣ ਵਾਲਿਆਂ ਦਾ ਤਾਂਤਾਂ ਲੱਗ ਗਿਆ।

ਖਬਰ ਲਿਖੇ ਜਾਣ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮ੍ਰਿਤਕ ਜਵਾਨ ਦੇ ਘਰ ਨਹੀਂ ਸੀ ਪੁੱਜਾ। ਮ੍ਰਿਤਕ ਦਲਜੀਤ ਸਿੰਘ ਦੇ 12 ਸਾਲ  ਦੀ ਇਕ ਪੰਜਵੀ 'ਚ ਪੜ੍ਹਦੀ ਬੱਚੀ ਜਸਮੀਨ ਕੌਰ ਅਤੇ 9 ਸਾਲ ਦਾ ਲੜਕਾ  ਬਰਿੰਦਰਜੀਤ ਸਿੰਘ ਹੈ।

 ਜ਼ਿਕਰਯੋਗ ਹੈ ਕਿ ਮ੍ਰਿਤਕ ਦਲਜੀਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਵੀ ਆਈ.ਟੀ.ਬੀ .ਪੀ ਵਿਚ ਜਵਾਨ ਸਨ ਅਤੇ ਉਨ੍ਹਾਂ ਉਪਰੰਤ ਸਾਲ 2003 ਵਿਚ ਦਲਜੀਤ ਸਿੰਘ ਨੂੰ ਨੌਕਰੀ ਮਿਲ ਗਈ ਸੀ।