ਭਾਈ ਰਾਜੋਆਣਾ ਨੂੰ ਰਿਹਾਅ ਕਰਵਾਉਣ ਲਈ ਅਕਾਲੀ ਦਲ ਲਗਾਵੇਗਾ ਪੂਰਾ ਜ਼ੋਰ- ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਸਜ਼ਾ ਤੋਂ ਦੁੱਗਣੀ ਕੱਟਣ ਦੇ ਬਾਵਜੂਦ ਵੀ ਭਾਈ ਰਾਜੋਆਣਾ ਜੇਲ ਵਿਚ ਬੰਦ ਹੈ। ਅਜਿਹੇ ਹਾਲਾਤ ਵਿਚ ਅਕਾਲੀ ਦਲ ਉਨ੍ਹਾਂ ਦੀ ਤੁਰਤ...

Sukhbir Badal

ਅਬੋਹਰ  (ਰਾਜਿੰਦਰ ਸੋਨੀ, ਸੁਖਜੀਤ ਸਿੰਘ ਬਰਾੜ) : ਤਿੰਨ ਦਹਾਕਿਆਂ ਤੋਂ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਤੁਰਤ ਰਿਹਾਅ ਕਰਨ ਦੀ ਮੰਗ ਕੇਂਦਰ ਸਰਕਾਰ ਤੋਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਕ ਪ੍ਰਤੀਨਿਧੀ ਮੰਡਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ। ਇਹ ਗੱਲ ਅਬੋਹਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਹੀ।

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਸਜ਼ਾ ਤੋਂ ਦੁੱਗਣੀ ਕੱਟਣ ਦੇ ਬਾਵਜੂਦ ਵੀ ਭਾਈ ਰਾਜੋਆਣਾ ਜੇਲ ਵਿਚ ਬੰਦ ਹੈ। ਅਜਿਹੇ ਹਾਲਾਤ ਵਿਚ ਅਕਾਲੀ ਦਲ ਉਨ੍ਹਾਂ ਦੀ ਤੁਰਤ ਰਿਹਾਈ ਦੀ ਪੈਰਵੀ ਜਾਰੀ ਰੱਖੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕ ਵਿਰੋਧੀ ਦਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਵਿਚ ਆਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸੇ ਵੀ ਵਰਗ ਦੀ ਸੁਣਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਦਅਮਨੀ ਦਾ ਮਾਹੌਲ ਹੈ। ਜੇਲਾਂ ਵਿਚ ਬੈਠੇ ਗੈਂਗਸਟਰ ਸਰਕਾਰ ਚਲਾ ਰਹੇ ਹਨ। ਲੋਕਾਂ ਨੂੰ ਗੈਂਗਸਟਰਾਂ ਵਲੋਂ ਸ਼ੋਸਲ ਮੀਡੀਆ ਰਾਹੀਂ ਧਮਕੀਆਂ ਦੇਣ ਕਾਰਨ ਸੂਬੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਉਪਰੰਤ ਪਹਿਲੀ ਵਾਰ ਧੰਨਵਾਦੀ ਦੌਰੇ 'ਤੇ ਹਲਕਾ ਬੱਲੂਆਣਾ ਦੇ ਦੋ ਰੋਜਾ ਦੌਰੇ ਦੇ ਪਹਿਲੇ ਦਿਨ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ

ਕਿਹਾ ਕਿ ਦੋ ਸਾਲ ਰਹਿ ਗਏ ਔਖੇ-ਸੌਖੇ ਕੱਟ ਲਓ। ਉਸ ਤੋਂ ਬਾਅਦ ਤੁਹਾਡੀ ਆਪਣੀ ਸਰਕਾਰ ਹੋਵੇਗੀ। ਇਕ ਵਾਅਦੇ ਨਾਲ ਸਭ ਦੇ ਦੁੱਖ ਦੂਰ ਕਰ ਦਿਆਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਸ. ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਸਣੇ ਪਾਰਟੀ ਦੇ ਸਿਰਕੱਢ ਆਗੂ ਤੇ ਵਰਕਰ ਹਾਜ਼ਰ ਸਨ।