ਅਮਨਜੋਤ ਢਿੱਲੋਂ ਵਲੋਂ Pap Smear Test ਸੰਬੰਧੀ ਜਾਗਰੂਕਤਾ ਕੈਂਪ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

12 ਤੋਂ 18 ਸਾਲ ਤੱਕ ਦੀਆਂ ਲੜਕੀਆਂ ਨੂੰ ਲੱਗਣ ਵਾਲੇ ਟੀਕੇ ਨਾਲ ਸਰਵਾਈਕਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ- ਅਮਨਜੋਤ ਢਿੱਲੋਂ

Inauguration of Pap Smear Test Awareness Camp by Amanjot Dhillon

ਫਰੀਦਕੋਟ (ਸੁਖਜਿੰਦਰ ਸਹੋਤਾ): ਫਰੀਦਕੋਟ ਦੇ ਇਨਰ ਵ੍ਹੀਲ ਕਲੱਬ ਵਲੋਂ ਸਥਾਨਕ ਗਰਗ ਮਲਟੀਸਪੈਸ਼ਿਲਟੀ ਹਸਪਤਾਲ ਵਿਚ ਕਲੱਬ ਦੀ ਐਡੀਟਰ ਡਾ ਨਿਸ਼ੀ ਗਰਗ ਦੀ ਰਹਿਨੁਮਾਈ ਹੇਠ ਮੁਫਤ ਸਰਵਾਈਕਲ ਕੈਂਸਰ(ਪੈਪ ਸਮੀਅਰ) ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪਤਨੀ ਅਮਨਜੋਤ ਕੌਰ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਨੀਤਾ ਸੇਤੀਆ ਨੇ ਸ਼ਿਰਕਤ ਕੀਤੀ ਅਤੇ ਕਲੱਬ ਵਲੋਂ ਸਰਵਾਈਕਲ ਕੈਂਸਰ (ਪੈਪ ਸਮੀਅਰ ) ਦੇ ਇਕ ਜਾਂਚ ਅਤੇ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ।

Pap Smear Test

ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਹਨੀਂ ਦਿਨੀਂ ਔਰਤਾਂ ਵਿਚ ਸਰਵਾਈਕਲ ਕੈਂਸਰ ਦੇ ਕਾਫੀ ਕੇਸ ਪਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਲਈ 12 ਤੋਂ 18 ਸਾਲ ਤੱਕ ਦੀਆਂ ਲੜਕੀਆਂ ਵੈਕਸਿਨ ਵੀ ਲਗਵਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਫਰੀਦਕੋਟ ਦੇ ਗਰਗ ਮਲਟੀਸਪੈਸ਼ਿਲਟੀ ਹਸਪਤਾਲ ਵਿਚ ਇਨਰ ਵ੍ਹੀਲ ਕਲੱਬ ਦੇ ਸਹਿਯੋਗ ਨਾਲ ਜਾਗਰੂਕਤਾ ਅਤੇ ਜਾਂਚ ਕੈਪ ਲਗਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆ ਕਲੱਬ ਦੇ ਪ੍ਰਧਾਨ ਮੰਜੂ ਸੁਖੀਜਾ ਨੇ ਕਿਹਾ ਕਿ ਇਨਰ ਵ੍ਹੀਲ ਕਲੱਬ ਵਲੋਂ ਅੰਤਰਰਾਸ਼ਟਰੀ ਪ੍ਰਾਜੇਕਟ ਤਹਿਤ 10 ਜਨਵਰੀ ਨੂੰ ਇਨਰ ਵ੍ਹੀਲ ਡੇਅ ਦੇ ਸੰਬੰਧ ਵਿਚ ਲੋਕਾਂ ਨੂੰ ਖਾਸ ਕਰ ਮਹਿਲਾਵਾਂ ਨੂੰ ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।

ਇਹ ਉਪਰਾਲਾ ਕਲੱਬ ਦੀ ਐਡੀਟਰ ਡਾ. ਨਿਸ਼ੀ ਗਰਗ ਦੇ ਉਦਮ ਸਦਕਾ ਗਰਗ ਮਲਟੀਸਪੈਸ਼ਿਲਟੀ ਹਸਪਤਾਲ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਨਿਸੀ ਗਰਗ ਨੇ ਕਿਹਾ ਕਿ ਸਰਵਾਈਕਲ ਕੈਂਸਰ ਔਰਤਾਂ ਦੇ ਆਮ ਕੈਂਸਰਾਂ ਵਿਚੋਂ ਇਕ ਹੈ, ਦੂਜਾ ਛਾਤੀ ਦਾ ਕੈਂਸਰ। ਉਹਨਾਂ ਦੱਸਿਆ ਕਿ ਇਸ ਨਾਲ ਔਰਤਾਂ ਦੀ ਬੱਚੇਦਾਨੀ ਦੇ ਮੂੰਹ ਵਿਚ ਕੁਝ ਤਬਦੀਲੀਆਂ ਹੁੰਦੀਆ ਹਨ, ਜਿੰਨਾਂ ਦਾ ਇਕ ਸਧਾਰਨ ਦਰਦ ਰਹਿਤ ਟੈਸਟ “ਪੈਪ ਸਮੀਅਰ” ਰਾਹੀਂ ਪਤਾ ਲਗਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ 8 ਮਿੰਟ ਵਿਚ ਇੱਕ ਔਰਤ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨਾਲ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਸ ਦਾ ਪਤਾ ਲਗਾਇਆ ਜਾ ਸਕੇ ਤਾਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Pap Smear Test

ਉਹਨਾਂ ਦੱਸਿਆ ਕਿ ਇਹ ਕੈਂਸਰ “ਹਿਊਮਨ ਪੈਪੀਲੋਮਾਂ ਵਾਇਰਸ” ਐਚਪੀਵੀ ਨਾਮ ਦੇ ਇਕ ਵਾਇਰਸ ਕਾਰਨ ਹੁੰਦਾ ਹੈ।  ਉਹਨਾਂ ਦੱਸਿਆ ਕਿ ਉਪਰੋਕਤ ਟੈਸਟ ਰਾਹੀਂ ਜੋ ਵੀ ਬੱਚੇਦਾਨੀ ਦੇ ਮੂੰਹ ਵਿਚ ਅਬਨੌਰਮਲ ਸੈਲ ਬਣਨ ਲਗਦੇ ਹਨ ਉਹਨਾਂ ਦੀ ਪਹਿਚਾਣ ਕਰ ਇਲਾਜ ਨਾਲ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਅੱਲ੍ਹੜ ਉਮਰ ਦੀਆਂ ਲੜਕੀਆਂ ਨੂੰ ਲਗਾਏ ਜਾਣ ਵਾਲੇ ਟੀਕੇ ਨਾਲ ਰੋਕਿਆ ਜਾ ਸਕਦਾ ਪਰ ਅਫਸੋਸ ਕਿ ਇਸ ਟੀਕੇ ਪ੍ਰਤੀ ਸਾਡੇ ਦੇਸ਼ ਵਿਚ ਜਾਗਰੂਕਤਾ ਬਹੁਤ ਘੱਟ ਹੈ। ਇਸ ਮੌਕੇ ਸੁਨੀਤਾ ਜੈਨ, ਨੀਨਾ ਗੋਇਲ, ਡਾ. ਅਲਕਾ ਗੋਇਲ, ਡਾ. ਮਧੂ ਗੋਇਲ, ਡਾ. ਸਿੰਮੀ ਗਰਗ, ਕਵਿਤਾ ਸ਼ਰਮਾ,ਕਮਲ ਸੱਚਰ, ਨਿਸ਼ਾ ਅਗਰਵਾਲ, ਕਿਰਨ ਗੁਪਤਾ, ਮੰਜੂ ਮਿੱਤਲ, ਸ਼ੋਭਾ ਅਗਰਵਾਲ, ਊਸ਼ਾ ਗਰਗ, ਕਮਲਜੀਤ ਕੌਰ , ਕੰਚਨ ਧੀਂਗੜਾ, ਸ਼ਬੀਨਾ ਮਨਚੰਦਾ, ਰਾਜ ਰਾਣੀ, ਵਿਨਸ਼ ਮੌਂਗਾ, ਜਾਗ੍ਰਿਤੀ ਅਤੇ ਡਾ. ਗੁਰਲੀਨ ਕੌਰ ਆਦਿ ਕਲੱਬ ਮੈਂਬਰ ਹਾਜ਼ਰ ਸਨ।