ਪੰਜਾਬ ਦੇ ਨਵੇਂ ਡੀਜੀਪੀ ਵਜੋਂ ਦਿਨਕਰ ਗੁਪਤਾ ਦੀ ਚਰਚਾ ਜ਼ੋਰਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਨਵੇਂ ਡੀਜੀਪੀ ਵਜੋਂ ਡੀਜੀਪੀ ਇੰਟੈਲੀਜੈਂਸ ਅਤੇ ਮੁੱਖ ਮੰਤਰੀ ਦੇ ਚਹੇਤੇ ਮੰਨੇ ਜਾਂਦੇ 1986 ਬੈਚ ਆਈਪੀਐਸ ਦਿਨਕਰ ਗੁਪਤਾ ਦਾ ਨਾਮ ਜ਼ੋਰਾਂ 'ਤੇ ਹੈ

UPSC

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਨਵੇਂ ਡੀਜੀਪੀ ਵਜੋਂ ਡੀਜੀਪੀ ਇੰਟੈਲੀਜੈਂਸ ਅਤੇ ਮੁੱਖ ਮੰਤਰੀ ਦੇ ਚਹੇਤੇ ਮੰਨੇ ਜਾਂਦੇ 1986 ਬੈਚ ਆਈਪੀਐਸ ਦਿਨਕਰ ਗੁਪਤਾ ਦਾ ਨਾਮ ਜ਼ੋਰਾਂ 'ਤੇ ਹੈ। ਹਾਲਾਂਕਿ ਇਸ ਮੁੱਦੇ 'ਤੇ ਬੀਤੇ ਕਲ ਨਵੀਂ ਦਿੱਲੀ ਵਿਖੇ ਹੋਈ ਯੂਪੀਐਸਸੀ ਦੀ ਬੈਠਕ ਤੋਂ ਬਾਅਦ ਹੀ ਪੰਜਾਬ ਦੇ ਨਵੇਂ ਡੀਜੀਪੀ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਅੱਜ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਅਪਣੇ ਅਧਿਕਾਰਕ ਟਵੀਟਰ ਹੈਡਲ ਤੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਹਾਲੇ ਤਕ ਯੂਪੀਐਸਸੀ ਤੋਂ ਕੋਈ ਪੈਨਲ ਪ੍ਰਾਪਤ ਨਹੀਂ ਹੋਇਆ ਹੈ।

ਜਿਉ ਹੀ ਕੇਂਦਰੀ ਕਮਿਸ਼ਨ ਦੀ ਸੂਚੀ ਮਿਲ ਜਾਵੇਗੀ ਮੁੱਖ ਮੰਤਰੀ ਵਲੋਂ ਸੁਪਰੀਮ ਕੋਰਟ ਦੇ ਇਸ ਬਾਰੇ ਤਾਜ਼ਾ ਹੁਕਮਾਂ ਮੁਤਾਬਕ ਪੰਜਾਬ ਦਾ ਨਵਾਂ ਡੀਜੀਪੀ ਲਾਉਣ ਦੀ ਪ੍ਰਕਿਰਿਆ ਆਰੰਭ ਦਿਤੀ ਜਾਵੇਗੀ। ਜਿਸ ਨਾਲ ਹੁਣ ਇਸ ਮੁੱਦੇ 'ਤੇ ਅਨਿਸ਼ਚਿਤਤਾ ਵੀ ਹੋਰ ਵੱਧ ਗਈ ਹੈ ਪਰ ਪਹਿਲੀ ਸੂਚੀ ਜੋ ਚਰਚਾ ਵਿਚ ਆਈ ਉਸ ਵਿਚ ਆਈਪੀਐਸ ਸਾਮੰਤ ਗੋਇਲ ਐਸਟੀਐਫ਼ ਡਰੱਗ ਚੀਫ਼ ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਸਨ। ਪਰ ਸੋਮਵਾਰ ਦੇਰ ਰਾਤ ਤਕ ਪੱਤਰਕਾਰਾਂ ਨੂੰ ਉਨ੍ਹਾਂ ਦੇ ਅੰਦਰੂਨੀ ਸੂਤਰਾਂ ਵਲੋਂ ਇਕ ਹੋਰ ਸੂਚੀ ਦੀ ਸੂਹ ਦਿਤੀ ਗਈ।

ਜਿਸ ਵਿਚ ਆਈਪੀਐਸ ਦਿਨਕਰ ਗੁਪਤਾ ਤੋਂ ਇਲਾਵਾ ਐਮ.ਕੇ ਤਿਵਾੜੀ ਤੇ ਵੀ ਕੇ ਭਾਵੜਾ ਦੇ ਨਾਮ ਸ਼ਾਮਲ ਦੱਸੇ ਗਏ। ਇਹ ਵੀ ਪਤਾ ਲਗਿਆ ਹੈ ਕਿ ਪਹਿਲਾਂ ਵਾਲੀ ਸੂਚੀ ਉਤੇ ਸੋਮਵਾਰ ਦੀ ਬੈਠਕ ਵਿਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੌਜੂਦਾ ਡੀਜੀਪੀ ਸੁਰੇਸ਼ ਅਰੌੜਾ ਦੀ ਮੌਜੂਦਗੀ ਵਿਚ ਚਰਚਾ ਵੀ ਹੋਈ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਡੈਪੂਟੇਸ਼ਨ 'ਤੇ ਚਲ ਰਹੇ ਸਾਮੰਤ ਗੋਇਲ ਦੇ ਕਾਡਰ ਵਿਚ ਮੁੜਨ ਲਈ ਅਣਇਛੱਕ ਹੋਣ ਅਤੇ ਮੁਹੰਮਦ ਮੁਸਤਫ਼ਾ ਦੇ ਪਤਨੀ ਰਜ਼ੀਆ ਸੁਲਤਾਨਾ ਦਾ ਸੀਨੀਅਰ ਕਾਂਗਰਸੀ ਮੰਤਰੀ ਹੋਣ ਕਾਰਨ ਇਨ੍ਹਾਂ ਨਾਵਾਂ ਉਤੇ ਰਾਇ ਨਾ ਬਣ ਸਕੀ ਹੋਵੇ ।

ਜਦਕਿ ਦਿਨਕਰ ਗੁਪਤਾ ਦਾ ਨਾਮ ਦੋਵਾਂ ਸੂਚੀਆਂ ਵਿਚ ਸਾਂਝਾ ਹੋਣਾ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਮੁਖੀ ਦੇ ਅਹੁਦੇ ਦਾ ਪ੍ਰਬਲ ਦਾਅਵੇਦਾਰ ਪ੍ਰਤੀਤ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਹੋਈਆਂ ਟਾਰਗੇਟ ਕੀਲਿੰਗ ਅਤੇ ਗੈਂਗਸਟਰਾਂ ਜਿਹੇ ਅਪਰਾਧਾਂ ਨੂੰ ਸਫ਼ਲਤਾਪੂਰਵਕ ਠੱਲ ਪਾਉਣ ਵਜੋਂ ਵੀ ਗੁਪਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਸਮਝੇ ਜਾਂਦੇ ਹਨ। ਇਸ ਤੋਂ ਇਲਾਵਾ ਗੁਪਤਾ ਦੀ ਸੇਵਾਮੁਕਤੀ ਮਾਰਚ 2024 ਵਿਚ ਹੋਣੀ ਹੈ, ਜਦਕਿ ਨਵੀਆਂ ਸ਼ਰਤਾਂ ਮੁਤਾਬਕ ਕਿਸੇ ਰਾਜ ਦਾ ਪੁਲਿਸ ਮੁਖੀ ਨਿਯੁਕਤ ਹੋਣ ਲਈ ਘੱਟੋ ਘੱਟ ਦੋ ਸਾਲ ਦਾ ਕਾਰਜਕਾਲ ਬਚਿਆ ਹੋਣਾ ਲਾਜ਼ਮੀ ਹੈ।