ਸਮਾਜ ਸੇਵੀ ਕੰਮਾਂ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਮੁਲਾਜ਼ਮ ਡੀਜੀਪੀ ਵਲੋਂ ਸਨਮਾਨਿਤ
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ, ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਮਾਨਸਾ ਵਿਜੀਲੈਂਸ...
ਮਾਨਸਾ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ, ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਮਾਨਸਾ ਵਿਜੀਲੈਂਸ ਬਿਊਰੋ ਦੇ ਮੁਲਾਜ਼ਮ ਜਗਦੀਪ ਸਿੰਘ ਚਹਿਲ ਦਾ ਸਨਮਾਨ ਕੀਤਾ ਗਿਆ। ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਡੀਜੀਪੀ ਨੇ ਮੁਲਾਜ਼ਮ ਜਗਦੀਪ ਚਹਿਲ ਦੀ ਹੌਂਸਲਾਅਫਜ਼ਾਈ ਕਰਦੇ ਉਸ ਨੂੰ ਡੀਜੀਪੀ ਡੈਸਕ ਦੇ ਕੇ ਸਨਮਾਨਿਤ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਉਕਤ ਪੁਲਿਸ ਮੁਲਾਜ਼ਮ ਵਲੋਂ ਪੁਲਿਸ ਵਿਭਾਗ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਅਤੇ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮਾਂ, ਇਮਾਨਦਾਰੀ ਦੇ ਚੱਲਦਿਆਂ ਇਹ ਸਨਮਾਨ ਦਿਤਾ ਗਿਆ ਹੈ। ਡੀਜੀਪੀ ਵਲੋਂ ਸਨਮਾਨਤ ਕੀਤੇ ਜਾਣ ਤੋਂ ਬਾਅਦ ਜਗਦੀਪ ਸਿੰਘ ਨੇ ਡੀਜੀਪੀ ਪੰਜਾਬ ਸੁਰੇਸ਼ ਅਰੋੜ, ਐਸਐਸਪੀ ਵਿਜੀਲੈਂਸ ਬਠਿੰਡਾ ਰੇਂਜ ਅਸ਼ੋਕ ਬਾਠ, ਡੀਐਸਪੀ ਮਨਜੀਤ ਸਿੰਘ ਮਾਨਸਾ ਅਤੇ ਇੰਸਪੈਕਟਰ ਸਤਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ
ਕਿ ਇਨ੍ਹਾਂ ਸੀਨੀਅਰ ਅਫ਼ਸਰਾਂ ਦਾ ਉਹ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇਕ ਮੇਰੇ ਜਿਹੇ ਨਿਮਾਣੇ ਪੁਲਿਸ ਮੁਲਾਜ਼ਮ ਨੂੰ ਵੱਡਾ ਮਾਣ ਬਖਸ਼ਿਆ ਹੈ। ਉਸ ਨੇ ਕਿਹਾ ਕਿ ਮੈਨੂੰ ਛੋਟੇ ਜਿਹੇ ਪੁਲਿਸ ਮੁਲਾਜ਼ਮ ਨੂੰ ਡੀਜੀਪੀ ਪੰਜਾਬ ਵਲੋਂ ਬੁਲਾ ਕੇ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਬਹੁਤ ਮਾਣ ਵਾਲੀ ਵੱਡੀ ਗੱਲ ਹੈ ਅਤੇ ਡੀਜੀਪੀ ਸਾਹਿਬ ਨੂੰ ਮਿਲ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ। ਮੈਂ ਇਸ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।
ਇਥੇ ਇਹ ਦੱਸਣਯੋਗ ਹੈ ਕਿ ਡੀਜੀਪੀ ਵਲੋਂ ਮਾਨਸਾ ਵਿਜੀਲੈਂਸ ਬਿਊਰੋ ਦੇ ਮੁਲਾਜ਼ਮ ਦੀ ਸਨਮਾਨ ਲਈ ਚੋਣ ਉਸ ਦੇ ਸਾਫ ਸੁਥਰੇ ਰਿਕਾਰਡ ਅਤੇ ਪੁਲਿਸ ਵਿਭਾਗ ਵਿਚ ਰਹਿੰਦਿਆਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੇ ਬਦਲੇ ਕੀਤੀ ਜਾ ਰਹੀ ਹੈ। ਜਗਦੀਪ ਸਿੰਘ ਵਿਜੀਲੈਂਸ ਬਿਊਰੋ ਵਿਚ ਡਿਊਟੀ ਨਿਭਾਉਣ ਦੇ ਨਾਲ-ਨਾਲ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਿਚ ਮਦਦ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਣ ਲਈ ਜਾਗਰੂਕ ਕਰਨ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਉਕਤ ਹੌਲਦਾਰ ਨੇ ਪੋਸਟ ਗਰੈਜੂਏਟ ਦੀ ਡਿਗਰੀ ਕੀਤੀ ਹੋਈ ਹੈ।