ਕੈਨੇਡਾ ਦੇ PR ਮੁੰਡੇ ਨਾਲ ਝੂਠਾ ਵਿਆਹ ਰਚਾ ਕੇ, ਪੰਜਾਬਣ ਨੇ ਲੁੱਟੇ ਲੱਖਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤੱਕ ਐਨ.ਆਰਆਈ ਲਾੜਿਆਂ ਵਲੋਂ ਔਰਤਾਂ ਨਾਲ ਵਿਆਹ ਕਰਾਉਣ ਦੇ ਨਾਂ 'ਤੇ ਠੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਇੱਥੇ ਇਸ ਦੇ ਉਲਟ ਅਲੱਗ......

Marrige

ਚੰਡੀਗੜ੍ਹ : ਹੁਣ ਤੱਕ ਐਨ.ਆਰਆਈ ਲਾੜਿਆਂ ਵਲੋਂ ਔਰਤਾਂ ਨਾਲ ਵਿਆਹ ਕਰਾਉਣ ਦੇ ਨਾਂ 'ਤੇ ਠੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਇੱਥੇ ਇਸ ਦੇ ਉਲਟ ਅਲੱਗ ਹੀ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਵਿਆਹ ਕਰਾਉਣ ਦੇ ਨਾਂ 'ਤੇ ਇੱਕ ਐਨਆਰਆਈ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਔਰਤ ਨੇ ਮੰਗਣੀ ਤੋਂ ਬਾਅਦ ਤੋਹਫ਼ੇ ਦੇ ਨਾਂ 'ਤੇ  ਹੋਣ ਵਾਲੇ ਲਾੜੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਲਏ। ਇਸੇ ਦੌਰਾਨ ਉਸ ਨੇ ਪੰਜਾਬ ਵਿਚ ਹੀ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ।

ਬਾਅਦ ਵਿਚ ਔਰਤ ਦਾ ਰਾਜ਼ ਖੁਲ੍ਹਿਆ ਤਾਂ ਐਨਆਰਆਈ ਵਿਅਕਤੀ ਦੇ ਹੋਸ਼ ਉਡ ਗਏ। ਨਵਾਂ ਸ਼ਹਿਰ ਦੀ ਇਸ ਮਹਿਲਾ ਨੇ ਕੈਨੇਡਾ ਦੇ ਐਨਆਰਆਈ ਨਾਲ ਵਿਆਹ ਕਰਨ ਦੀ ਗੱਲ ਕੀਤੀ ਅਤੇ ਮੰਗਣੀ ਵੀ ਕਰ ਲਈ। ਇਸ ਤੋਂ ਬਾਅਦ ਉਸ ਨੇ ਐਨਆਰਆਈ ਕੋਲੋਂ ਕਾਫੀ ਗਹਿਣੇ ਲੈ ਲਏ ਅਤੇ ਰੁਪਏ ਮੰਗਵਾਉਂਦੀ ਰਹੀ। ਬਾਅਦ ਵਿਚ ਮਹਿਲਾ ਨੇ ਦੂਜੇ ਵਿਅਕਤੀ ਨਾਲ ਵਿਆਹ ਕਰਵਾ ਲਿਆ। ਮਹਿਲਾ ਦੇ ਵਿਆਹ ਤੋਂ ਅਣਜਾਣ ਐਨਆਰਆਈ ਉਸ ਨੂੰ ਕੈਨੇਡਾ ਤੋਂ ਰੁਪਏ ਭੇਜਦਾ ਰਿਹਾ। ਐਨਆਰਆਈ ਨੂੰ ਜਦ ਅਪਣੇ ਨਾਲ ਹੋਈ ਠੱਗੀ ਬਾਰੇ ਵਿਚ ਪਤਾ ਚਲਿਆ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

 ਪੁਲਿਸ ਨੇ ਉਕਤ ਮਹਿਲਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵਿਚ ਰਹਿ ਰਹੇ ਨਿਰਮਲ ਸੈਣੀ ਨੇ ਏਡੀਜੀਪੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਦਾ ਰਹਿਣ ਵਾਲਾ ਹੈ। ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਾਉਣ ਦੇ ਲਈ ਉਸ ਨੇ ਅਪਣੇ ਬੱਚਿਆਂ ਕੋਲੋਂ ਰਜ਼ਾਮੰਦੀ ਲੈ ਲਈ ਸੀ। ਰਾਹੋਂ ਇਲਾਕੇ ਦੇ ਅਟਾਰੀ ਪਿੰਡ ਵਿਚ ਰਹਿਣ ਵਾਲ ਉਸ ਦੇ ਦੋਸਤ ਸਤਵਿੰਦਰ ਸਿੰਘ ਨੇ ਪਿੰਡ ਕੁਲਾਮ ਨਿਵਾਸੀ ਇੱਕ ਮਹਿਲਾ ਨਾਲ ਮਿਲਵਾਇਆ, ਉਹ ਤਲਾਕਸ਼ੁਦਾ ਸੀ ਤੇ ਦੂਜਾ ਵਿਆਹ ਕਰਨਾ ਚਾਹੁੰਦੀ ਸੀ।

 ਉਸ ਨੇ ਦੱਸਿਆ ਕਿ 9 ਦਸੰਬਰ 2017 ਨੂੰ ਦੋਵੇਂ ਧਿਰਾਂ ਦੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਨਵਾਂ ਸ਼ਹਿਰ ਦੇ ਪੈਰਿਸ ਹੋਟਲ ਵਿਚ ਰਿੰਗ ਸੈਰੇਮਨੀ ਹੋਈ। ਰਿੰਗ ਸੈਰੇਮਨੀ ਦੇ ਕੁਝ ਦਿਨਾਂ ਬਾਅਦ ਨਿਰਮਲ ਵਾਪਸ ਕੈਨੇਡਾ ਚਲਾ ਗਿਆ। ਇਸ ਤੋਂ ਬਾਅਦ ਦੋਵਾਂ ਵਿਚ ਅਕਸਰ ਦਿਨ ਵਿਚ ਤਿੰਨ-ਚਾਰ ਵਾਰ ਗੱਲ ਹੁੰਦੀ ਸੀ। 
ਸ਼ਿਕਾਇਤ ਅਨੁਸਾਰ ਮਹਿਲਾ ਨੇ ਚਲਾਕੀ ਨਾਲ ਨਿਰਮਲ  ਨੂੰ ਝਾਂਸਾ ਦੇ ਕੇ ਸੋਨੇ ਦਾ ਹਾਰ, ਤਿੰਨ ਸੋਨੇ ਦੀ ਅੰਗੂਠੀਆਂ, ਇੱਕ ਐਕਟਿਵਾ ਸਕੂਟਰ, ਇੱਕ ਐਪਲ ਦਾ ਫ਼ੋਨ, ਇੱਕ ਕੈਨਨ ਦਾ ਕੈਮਰਾ, ਇਸ ਤੋਂ ਇਲਾਵਾ ਕਰੀਬ ਅੱਠ ਮਹੀਨਿਆਂ ਵਿਚ ਪੰਜ ਲੱਖ ਰੁਪਏ ਮੰਗਵਾ ਲਏ।

ਨਿਰਮਲ ਨੇ ਨਿਸ਼ਾ ਦੇ ਅਕਾਊਂਟ ਵਿਚ ਰੁਪਏ ਅਤੇ ਬਾਕੀ ਵੈਸਟਰਨ ਯੂਨੀਅਨ ਦੇ ਜ਼ਰੀਏ ਰੁਪਏ ਭੇਜੇ ਸਨ। ਸ਼ਿਕਾਇਤ ਵਿਚ ਕਿਹਾ ਗਿਆ ਕਿ 2 ਅਕਤੂਬਰ 2018 ਨੂੰ ਔਰਤ ਨੇ ਨਿਰਮਲ ਸੈਣੀ ਨੂੰ ਫੋਨ ਕੀਤਾ ਕਿ ਉਸ ਦਾ ਪਰਸ ਚੋਰੀ ਹੋ ਗਿਆ ਹੈ। ਇਸ ਵਿਚ ਇੱਕ ਸੋਨੇ ਦਾ ਹਾਰ, ਸੋਨੇ ਦੀ ਅੰਗੂਠੀ ਅਤੇ ਪੰਜ ਹਜ਼ਾਰ ਰੁਪਏ ਨਕਦ ਸਨ। ਇਸ ਤੋਂ ਬਾਅਦ ਨਿਰਮਲ ਨੇ ਅਪਣੇ ਦੋਸਤ ਸਤਵਿੰਦਰ ਨੂੰ ਇਸ ਦਾ ਪਤਾ ਲਗਾਉਣ ਦੇ ਲਈ ਕਿਹਾ ਤਾਂ ਪਤਾ ਚਲਿਆ ਕਿ ਮਹਿਲਾ ਦਾ ਕੋਈ ਪਰਸ ਚੋਰੀ ਨਹੀਂ ਹੋਇਆ ਹੈ।

ਸਤਵਿੰਦਰ ਨੂੰ ਬਾਅਦ ਵਿਚ ਇੱਕ ਸੁਨਿਆਰ ਕੋਲੋਂ ਵੀਡੀਓ ਕਲਿਪ ਮਿਲੀ ਜਿਸ ਵਿਚ ਮਹਿਲਾ ਨਿਰਮਲ ਸੈਣੀ ਕੋਲੋਂ ਮਿਲੇ ਗਹਿਣੇ ਉਸ ਦੇ ਦੁਕਾਨ ਵਿਚ ਵੇਚ ਰਹੀ ਹੈ। ਇਸ ਬਾਰੇ ਵਿਚ ਸਤਵਿੰਦਰ ਨੇ ਨਿਰਮਲ ਨੂੰ ਪੂਰੀ ਜਾਣਕਾਰੀ ਦੇ ਦਿੱਤੀ। ਇਸ ਤੋਂ ਬਾਅਦ ਨਿਰਮਲ ਦੇ ਕਹਿਣ 'ਤੇ ਸਤਵਿੰਦਰ ਨੇ ਮਹਿਲਾ ਕੋਲੋਂ ਐਕਟਿਵਾ, ਇੱਕ ਸੋਨੇ ਦਾ ਹਾਰ ਅਤੇ ਮੋਬਾਈਲ ਫੋਨ ਵਾਪਸ ਲੈ ਲਏ। ਇਸੇ ਦੌਰਾਨ ਨਿਰਮਲ ਨੂੰ ਪਤਾ ਲੱਗਾ ਕਿ ਮਹਿਲਾ ਪਹਿਲਾਂ ਵੀ ਇੱਕ ਐਨਆਰਆਈ ਨੂੰ ਇਸੇ ਤਰ੍ਹਾਂ ਵਿਆਹ ਦਾ ਝੂਠਾ ਨਾਟਕ ਕਰਕੇ ਉਸ ਨਾਲ ਧੋਖਾਧੜੀ ਕਰ ਚੁੱਕੀ ਹੈ। 

ਪੁਲਿਸ ਦੁਆਰਾ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮਹਿਲਾ ਨੇ ਕਪੂਰਥਲਾ ਦੇ ਪਿੰਡ ਚਹੇੜੂ ਵਿਚ ਇੱਕ ਵਿਅਕਤੀ ਕੋਲੋਂ 11 ਅਕਤੂਬਰ 2018 ਨੂੰ ਵਿਆਹ ਕਰ ਲਿਆ ਸੀ। ਹੁਣ ਉਹ ਉਥੇ ਰਹਿ ਰਹੀ ਹੈ। ਪੁਲਿਸ ਨੇ ਜਾਂਚ ਵਿਚ ਦੋਸ਼ਾਂ ਨੂੰ ਸਹੀ ਪਾਏ ਜਾਣ ਤੋਂ ਬਾਅਦ ਮਹਿਲਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।