ਕਰੋਨਾ ਨੂੰ ਲੈ ਕੇ ਆਈ ਵੱਡੀ ਖਬਰ, ਵਧਦੇ ਕੇਸਾਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਕਰਫਿਊ ਦੇ ਹੁਕਮ

corona various

ਜਲੰਧਰ : ਇਕ ਪਾਸੇ ਜਿੱਥੇ ਗਰਮੀ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਉਥੇ ਹੀ ਕਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਸ਼ੁਰੂਆਤ ਵਿਚ ਠੰਡੇ ਮੌਸਮ ਨੂੰ ਕੋਰੋਨਾ ਫੈਲਣ ਦੇ ਅਨੁਕੂਲ ਮੰਨਿਆ ਗਿਆ ਸੀ, ਪਰ ਭਾਰਤ ਅੰਦਰ ਪਿਛਲੇ ਸਾਲ ਵੀ ਕਰੋਨਾ ਦੇ ਕੇਸਾਂ ਵਿਚ ਮਾਰਚ ਮਹੀਨੇ ਦੌਰਾਨ ਹੀ ਵਾਧਾ ਵੇਖਣ ਨੂੰ ਮਿਲਿਆ ਸੀ, ਜਿਸ ਨੂੰ ਵੇਖਦਿਆਂ ਦੇਸ਼ ਅੰਦਰ 22 ਮਾਰਚ 2020 ਨੂੰ ਇਕ ਦਿਨ ਦੇ ਸੰਕੇਤਕ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸਾਲ ਵੀ ਭਾਵੇਂ ਸਰਦੀ ਦੇ ਭਰ ਜੋਬਨ ਦਿਨਾਂ ਦੌਰਾਨ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਵੇਖਣ ਨੂੰ ਮਿਲ ਰਹੀ ਸੀ ਅਤੇ ਹੁਣ ਮਾਰਚ ਮਹੀਨੇ ਵਿਚ ਆ ਕੇ ਦੇਸ਼ ਦੇ ਕੁੱਝ ਹਿੱਸਿਆਂ ਵਿਚ ਇਸ ਨੇ ਮੁੜ ਰਫਤਾਰ ਫੜੀ ਹੈ।

ਪੰਜਾਬ ਦੇ ਜਲੰਧਰ ਜ਼ਿਲ੍ਹੇ ਅੰਦਰ ਵਧਦੇ ਕਰੋਨਾ ਮਾਮਲਿਆਂ ਨੇ ਪ੍ਰਸ਼ਾਸਨ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਨੂੰ ਵੇਖਦਿਆਂ ਜਲੰਧਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਵੱਡਾ ਫੈਸਲਾ ਲੈਂਦਿਆਂ ਜ਼ਿਲ੍ਹੇ ਅੰਦਰ ਰਾਤ ਦੇ ਕਰਫ਼ਿਊ ਐਲਾਨ ਦਿੱਤਾ ਗਿਆ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਦਾ ਕਰਫ਼ਿਊ ਲਗਾ ਦਿੱਤਾ ਹੈ।

ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤੇ ਗਏ ਨਾਈਟ ਕਰਫ਼ਿਊ ਦੇ ਹੁਕਮ ਅੱਜ ਤੋਂ ਹੀ ਲਾਗੂ ਹੋਣਗੇ, ਜੋਕਿ ਅਗਲੇ ਹੁਕਮਾਂ ਤਕ ਜਾਰੀ ਰਹਿਣਗੇ।  ਕਾਬਲੇਗੌਰ ਹੈ ਕਿ ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਭਾਵੇਂ ਵੈਕਸੀਨੇਸ਼ਨ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਖ਼ਤਮ ਨਹੀਂ ਹੋ ਰਿਹਾ।  

ਸ਼ੁੱਕਰਵਾਰ ਨੂੰ ਜਿੱਥੇ 2 ਸਾਲ ਦੀ ਬੱਚੀ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਸਮੇਤ 122 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 3 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ।

ਕੋਰੋਨਾ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਮਾਸਕ ਪਹਿਨਣ ਸਮੇਤ ਹੋਰ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕਈ ਥਾਈਂ ਚਲਾਨ ਕੱਟਣ ਦੀ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।