ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤੀ,1 ਮਾਰਚ ਤੋਂ ਲਾਗੂ ਹੋਣਗੇ ਹੁਕਮ, ਮੁੜ ਲੱਗ ਸਕਦੈ ਕਰਫਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਦਰੂਨੀ ਅਤੇ ਬਾਹਰੀ ਇਕੱਠਾ ਵਿਚ 100 ਅਤੇ 200 ਬੰਦਿਆਂ ਤੋਂ ਵੱਧ 'ਤੇ ਲਾਈ ਪਾਬੰਦੀ

CM Capt. Amarinder Singh

ਚੰਡੀਗੜ੍ਹ: ਕਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਸੂਬੇ ਅੰਦਰ ਮੁੜ ਸਖਤੀ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਹੁਣ ਇਕੱਠਾ ਨੂੰ ਸੀਮਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਹੁਕਮਾਂ ਮੁਤਾਬਕ ਹੁਣ ਅੰਦਰੂਨੀ ਇਕੱਠ ਵਿਚ 100 ਤੋਂ ਵਧੇਰੇ ਬੰਦਿਆਂ ਦੇ ਇਕੱਠ 'ਤੇ ਪਾਬੰਦੀ ਹੋਵੇਗੀ। ਇਸੇ ਤਰ੍ਹਾਂ ਬਾਹਰੀ ਇਕੱਠ ਵਿਚ ਇਹ ਗਿਣਤੀ 200 ਬੰਦਿਆਂ ਤੋਂ ਵੱਧ ਹੋਣ 'ਤੇ ਮਨਾਹੀ ਦੇ ਹਾਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪਹਿਲੀ ਮਾਰਚ ਤੋਂ ਲਾਗੂ ਹੋ ਜਾਣਗੇ। 

ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲਾਂ ਵਿਚ ਵੀ ਪਾਬੰਦੀਆਂ ਬਾਰੇ ਫੈਸਲਾ 1 ਮਾਰਚ ਤੋਂ ਬਾਅਦ ਲਿਆ ਜਾਵੇਗਾ। ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਲਾਜ਼ਮੀ ਹਨ ਤੇ ਪਿਛਲੇ ਟੈਸਟ ਦੀ ਰਿਪੋਰਟ ਨੂੰ ਡਿਸਪੇਅ ਵੀ ਕਰਨਾ ਪਾਏਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਲੋੜ ਪੈਣ 'ਤੇ ਹਾਟ ਸਪਾਟ ਖੇਤਰਾਂ 'ਚ ਨਾਈਟ ਕਰਫ਼ਿਊ ਲਗਾ ਸਕਦੇ ਹਨ।

ਕੈਪਟਨ ਨੇ ਡੀ. ਜੀ. ਪੀ. ਪੰਜਾਬ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਾਂ ਵਲੋਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕੋਰੋਨਾ ਟੈਸਟਿੰਗ ਦੀ ਰਫ਼ਤਾਰ ਨੂੰ ਵਧਾ ਕੇ 30000 ਪ੍ਰਤੀ ਦਿਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਸਿਨੇਮਾ ਹਾਲਾਂ 'ਚ ਲੋਕਾਂ ਦੇ ਇਕੱਠ ਨੂੰ ਲੈ ਕੇ ਸਰਕਾਰ ਵਲੋਂ 1 ਮਾਰਚ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਕਾਬਲੇਗੌਰ ਹੈ ਕਿ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਲਾਵਾ ਦੂਜੀਆਂ ਥਾਵਾਂ 'ਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਇਹਤਿਆਤੀ ਕਦਮ ਚੁੱਕੇ ਜਾਂ ਰਹੇ ਹਨ।