ਲਾਰੈਂਸ ਬਿਸ਼ਨੋਈ ਹਿਰਾਸਤ ’ਚ ਇੰਟਰਵਿਊ ਕੇਸ : SIT ਦਾ ਪ੍ਰਗਟਾਵਾ, ਸਿਗਨਲ ਐਪ ਦਾ ਹੋਇਆ ਸੀ ਪ੍ਰਯੋਗ, ਮੋਬਾਈਲ ਫ਼ੋਨ ਜ਼ਬਤ
ਜਾਂਚ ਪੂਰਾ ਕਰਨ ਲਈ ਮੰਗਿਆ 3 ਮਹੀਨੇ ਦਾ ਸਮਾਂ, ਅਹਿਮ ਗਵਾਹਾਂ ਤੋਂ ਪੁੱਛ-ਪੜਤਾਲ ਜਾਰੀ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ੱਕੀ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ ’ਚੋਂ ਹੋਈਆਂ ਦੋ ਇੰਟਰਵਿਊ ਦਾ ਮਾਮਲਾ ਹੱਲ ਕਰਨ ਲਈ ਹਾਈਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਟ ਇਸ ਮਾਮਲੇ ਤੋਂ ਪਰਦਾ ਉਠਾਉਣ ਦੇ ਬਿਲਕੁਲ ਨੇੜੇ ਪੁੱਜ ਗਈ ਹੈ।
ਡੀ.ਜੀ.ਪੀ. ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਬੁਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨੂਪਇੰਦਰ ਸਿੰਘ ਤੇ ਜਸਟਿਸ ਕੀਰਤੀ ਸਿੰਘ ਦੀ ਬੈਂਚ ਮੁਹਰੇ ਸਥਿਤੀ ਰੀਪੋਰਟ ਰਾਹੀਂ ਜਾਣਕਾਰੀ ਦਿਤੀ ਕਿ ਇੰਟਰਵਿਊ ਕਿੱਥੋਂ ਹੋਈਆਂ, ਇਸ ਬਾਰੇ ਪਤਾ ਲਗਾ ਲਿਆ ਗਿਆ ਹੈ ਤੇ ਇਹ ਵੀ ਦਸਿਆ ਕਿ ਇਹ ਇੰਟਰਵਿਊ ਸਿਗਨਲ ਐਪ ਰਾਹੀਂ ਕੀਤੀ ਗਈ। ਜਿਸ ਮੋਬਾਈਲ ਫੋਨ ਰਾਹੀਂ ਸਿਗਨਲ ਐਪ ਤੋਂ ਇਹ ਇੰਟਰਵਿਊ ਕੀਤੀ ਗਈ, ਉਹ ਮੋਬਾਈਲ ਫੋਨ ਕਬਜ਼ੇ ’ਚ ਲੈ ਲਿਆ ਗਿਆ ਹੈ।
ਐਸ.ਆਈ.ਟੀ. ਨੇ ਹਾਈ ਕੋਰਟ ਨੂੰ ਦਸਿਆ ਕਿ ਹੁਣ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਜੇਲ ’ਚੋਂ ਪੰਜਾਬ ਲਿਆਉਣ ਲਈ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਗਏ ਹਨ ਤੇ ਆਉਦਿਆਂ ਹੀ ਕੁਝ ਤੱਥਾਂ ਦੀ ਲਾਰੈਂਸ ਕੋਲੋਂ ਦਰਿਆਫਤ ਉਪਰੰਤ ਇਸ ਮਾਮਲੇ ਦੀ ਸਾਰੀ ਪੋਲ ਖੋਲ ਦਿਤੀ ਜਾਵੇਗੀ। ਜਾਂਚ ਮੁਕੰਮਲ ਕਰਨ ਲਈ ਸਿੱਟ ਨੇ 3 ਮਹੀਨਿਆਂ ਦਾ ਸਮਾਂ ਹੋਰ ਮੰਗਿਆ ਹੈ, ਜਿਸ ’ਤੇ ਬੈਂਚ ਨੇ ਸੁਣਵਾਈ ਅੱਗੇ ਪਾ ਦਿਤੀ ਹੈ। ਇਸ ਤੋਂ ਇਲਾਵਾ ਡੀ.ਜੀ.ਪੀ. ਜੇਲਾਂ ਅਰੁਣਪਾਲ ਸਿੰਘ ਨੇ ਵੀ.ਸੀ. ਰਾਹੀਂ ਬੈਂਚ ਨੂੰ ਜਾਣੂੰ ਕਰਵਾਇਆ ਕਿ ਜੇਲਾਂ ’ਚ ਮੋਬਾਈਲ ਫੋਨ ਦੀ ਵਰਤੋਂ ਰੋਕਣ ਲਈ ਜੈਮਰ ਅਤੇ ਫੈਂਸਿੰਗ ਲਗਾਉਣ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਤੇ ਇਸ ਦਿਸ਼ਾ ਵੱਲ ਕੰਮ ਜਾਰੀ ਹੈ।