ਹੁਣ ਸ਼੍ਰੋਮਣੀ ਅਕਾਲੀ ਦਲ ’ਚ ਪੰਥਕ ਏਜੰਡਿਆਂ ਨੂੰ ਹੀ ਪਹਿਲ ਦਿਤੀ ਜਾਵੇਗੀ : ਸੁਖਦੇਵ ਸਿੰਘ ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਹਾਲਾਤ ਬਦਲ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ 

Sukhdev Singh Dhindsa
  • ‘ਭਾਜਪਾ ਨਾਲ ਗੱਠਜੋੜ ਕਿਸਾਨਾਂ ਦੇ ਮਸਲੇ ਹੱਲ ਹੋ ਜਾਣ ਤੋਂ ਬਾਅਦ ਹੀ ਹੋਵੇਗਾ’
  • ‘ਚੋਣਾਂ ਤੋਂ ਬਾਅਦ ਪਾਰਟੀ ਦਾ ਢਾਂਚਾ ਭੰਗ ਕਰ ਕੇ ਲੋਕਤੰਤਰੀ ਤਰੀਕੇ ਨਾਲ ਨਵਾਂ ਪ੍ਰਧਾਨ ਚੁਣਿਆ ਜਾਵੇਗਾ’
  • ਕਿਹਾ, ਮੇਰੀ ਇੱਛਾ ਇਹੀ ਹੈ ਕਿ ਪਰਮਿੰਦਰ (ਸਿੰਘ ਢੀਂਡਸਾ) ਲੋਕ ਸਭਾ ਚੋਣ ਨਾ ਲੜੇ, ਬਾਕੀ ਉਸ ਦੀ ਮਰਜ਼ੀ


ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ 2018 ’ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਅਪਣੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਰਲੇਵਾਂ ਕਰ ਦਿਤਾ ਹੈ। ਇਸ ਦੇ ਕਾਰਨਾਂ ਅਤੇ ਭਵਿੱਖ ਦੀ ਰਣਨੀਤੀ ਬਾਰੇ ਰੋਜ਼ਾਨਾ ਸਪੋਕਸਮੈਨ ਟੀ.ਵੀ. ’ਤੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਵਾਪਸੀ ਦਾ ਕਾਰਨ ਪੰਥਕ ਹਾਲਾਤ ਬਦਲ ਜਾਣਾ ਹੈ ਅਤੇ ਉਹ ਵਿਧਾਨ ਸਭਾ ’ਚ 2 ਸੀਟਾਂ ’ਤੇ ਸਿਮਟ ਕੇ ਰਹਿ ਗਈ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡਿਆਂ ਨੂੰ ਪਹਿਲ ਦੇਵੇਗਾ ਅਤੇ ਬਾਕੀ ਏਜੰਡੇ ਪਿੱਛੇ ਰਹਿਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਪੰਥਕ ਵਿਚਾਰਾਂ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਕੀ ਦੇ ਧੜਿਆਂ ਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।

ਰਲੇਵੇਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਹੁਣ ਹਾਲਾਤ ਬਹੁਤ ਬਦਲ ਗਏ ਹਨ। ਪੰਜਾਬ ਅਤੇ ਪੰਥ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਸਾਡੇ ਮਤਭੇਦ ਹੋ ਸਕਦੇ ਹਨ, ਇਨ੍ਹਾਂ ਨੂੰ ਅੰਦਰ ਬੈਠ ਕੇ ਹੱਲ ਕੀਤਾ ਜਾ ਸਕਾ ਹੈ। ਪਰ ਪੰਥ ਦੇ ਮੁੱਦਿਆਂ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ। ਜੇਕਰ ਉਹੀ ਕਮਜ਼ੋਰ ਹੋ ਗਿਆ ਤਾਂ ਪੰਥ ਦਾ ਤਾਂ ਖ਼ੁਦ ਹੀ ਮਾੜਾ ਹਾਲ ਹੋਵੇਗਾ ਹੀ।’’

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਗੱਠਜੋੜ ਸੀ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਮਗਰੋਂ ਭਾਜਪਾ ਨਾਲ ਗੱਠਜੋੜ ਖ਼ਤਮ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਨਹੀਂ ਕਹਿ ਸਕਦੇ ਹਨ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ? ਤਾਂ ਉਨ੍ਹਾਂ ਕਿਹਾ, ‘‘ਜਦੋਂ ਤਕ ਕਿਸਾਨਾਂ ਦਾ ਕੇਂਦਰ ਸਰਕਾਰ ਵਿਰੁਧ ਅੰਦੋਲਨ ਚਾਲੂ ਰਹੇਗਾ ਉਦੋਂ ਤਕ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਨਹੀਂ ਹੋ ਸਕਦਾ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਉਹ ਭਾਜਪਾ ਨਾਲ ਗੱਠਜੋੜ ਦੇ ਹਮੇਸ਼ਾ ਹਮਾਇਤੀ ਰਹੇ ਹਨ। 

ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਤਾਂ ਉਦੋਂ ਹੋਇਆ ਸੀ ਜਦੋਂ ਉਹ ਖ਼ੁਦ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਸਮੇਤ ਅਤੇ ਰਤਨ ਸਿੰਘ ਅਜਨਾਲਾ ਪਾਰਟੀ ਛੱਡ ਕੇ ਬਾਹਰ ਆ ਗਏ ਸਨ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਇਕ ਤੋਂ ਬਾਅਦ ਇਕ ਧੜਾਧੜ ਇਲਜ਼ਾਮ ਲਾਏ ਅਤੇ ਵਖਰਾ ਧੜਾ ਬਣਾ ਲਿਆ, ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਐਸ.ਜੀ.ਪੀ.ਸੀ. ਚੋਣ ਵੀ ਲੜੀ, ਤਾਂ ਉਨ੍ਹਾਂ ਕਿਹਾ, ‘‘ਅਸੀਂ ਅਪਣੇ ਮਤਭੇਦਾਂ ਕਾਰਨ ਪਾਰਟੀ ਛੱਡੀ ਸੀ ਪਰ ਉਦੋਂ ਹਾਲਾਤ ਓਨੇ ਮਾੜੇ ਨਹੀਂ ਸਨ ਜਿੰਨੇ ਹੁਣ ਨੇ। ਹੁਣ ਅਸੀਂ ਨਵੀਂ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਅਪਣੇ ਪਿਛੋਕੜ ਨੂੰ ਨਾ ਛੱਡੋ। ਇਸ ਪਿਛੋਕੜ ਨੇ ਹੀ ਪੰਥ ਨੂੰ ਅੱਗੇ ਵਧਾਉਣਾ ਹੈ।’’

ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਜਾਣ ਲਈ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਪੁਰਾਣੀ ਮੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਹਾਲਾਤ ਬਦਲ ਗਏ ਹਨ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਜ਼ਿਆਦਾ ਜ਼ਰੂਰੀ ਇਹ ਹੋ ਗਿਆ ਹੈ ਕਿ ਅਸੀਂ ਪੰਥ ਨੂੰ ਅਤੇ ਪੰਜਾਬ ਨੂੰ ਬਚਾਈਏ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਦਾ ਢਾਂਚਾ ਭੰਗ ਕਰ ਕੇ ਨਵਾਂ ਢਾਂਚਾ ਬਣਾਇਆ ਜਾਵੇਗਾ ਅਤੇ ਲੋਕਤੰਤਰੀ ਢੰਗ ਨਾਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ’ਤੇ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਸਨ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਹਾਲਾਤ ਬਦਲ ਗਏ ਹਨ। ਉਨ੍ਹਾਂ ਕਿਹਾ, ‘‘ਸਾਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪਿਆਰਾ ਨਹੀਂ ਹੈ ਬਲਕਿ ਪੰਥ ਪਿਆਰਾ ਹੈ।’’ ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਸ ਬਾਰੇ ਉਨ੍ਹਾਂ ਨੇ ਕੋਈ ਸਹੁੰ ਖਾਧੀ ਸੀ। 

ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਬਾਰੇ ’ਚ ਢੀਂਡਸਾ ਦੇ ਸਾਥੀਆਂ ਵਲੋਂ ਪੁੱਤਰ ਮੋਹ ’ਚ ਰਲੇਵਾਂ ਕੀਤੇ ਜਾਣ ਅਤੇ ਪੰਥਕ ਏਕਤਾ ਦੇ ਬਦਲੇ ‘ਪਰਿਵਾਰਕ ਏਕਤਾ’ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਕੋਈ ਜੋ ਮਰਜ਼ੀ ਕਹਿ ਸਕਦਾ ਹੈ। ਮੈਂ ਤਾਂ ਪਰਵਿੰਦਰ (ਸਿੰਘ ਢੀਂਡਸਾ) ਨੂੰ ਕਿਹਾ ਸੀ ਕਿ ਤੂੰ ਨਾ ਲੜੀਂ ਚੋਣ ਭਾਵੇਂ ਕੋਈ ਤੈਨੂੰ ਸੀਟ ਦੀ ਪੇਸ਼ਕਸ਼ ਵੀ ਕਰੇ। ਕਿਉਂਕਿ ਹਾਲਾਤ ਚੰਗੇ ਨਹੀਂ ਹਨ।’’ ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਕੀ ਹੁਣ ਪਰਵਿੰਦਰ ਸਿੰਘ ਢੀਂਡਸਾ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਤਾਂ ਉਨ੍ਹਾਂ ਕਿਹਾ, ‘‘ਇਹ ਸਾਰਾ ਕੁਝ ਉਸ ਦੀ ਮਰਜ਼ੀ ’ਤੇ ਨਿਰਭਰ ਹੈ। ਪਰ ਮੇਰੀ ਇੱਛਾ ਇਹੀ ਹੈ ਕਿ ਉਹ ਨਾ ਲੜੇ। ਮੈਂ ਅਪਣੀ ਇੱਛਾ ਕਿਸੇ ’ਤੇ ਨਹੀਂ ਥੋਪਦਾ।’’

ਪਾਰਟੀ ਦਾ ਸਰਪ੍ਰਸਤ ਬਣਾਏ ਜਾਣ ਅਤੇ ਜ਼ਿੰਮੇਵਾਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਸਰਪ੍ਰਸਤ ਨਾਲ ਸਲਾਹ ਕਰਨੀ ਹੁੰਦੀ ਹੈ। ਸਾਡੇ ਨਾਲ ਫੈਸਲਾ ਹੋਇਆ ਹੈ ਕਿ ਤੁਹਾਡੇ ਨਾਲ ਸਲਾਹ ਤੋਂ ਬਗ਼ੈਰ ਕੋਈ ਗੱਲ ਨਹੀਂ ਹੋਵੇਗੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ’ਚ ਵੀ ਉਨ੍ਹਾਂ ਵਲੋਂ ਪਾਰਟੀ ਦਾ ਰਲੇਵਾਂ ਕਰਨ ਲਈ ਬਹੁਤ ਖ਼ੁਸ਼ੀ ਹੈ।