Punjab News: ਗਰਮ ਗੁੜ ਦੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
ਪਿੰਡ ਟਿੱਬਾ ਦਾ ਰਹਿਣ ਵਾਲਾ ਸੀ 70 ਸਾਲਾ ਬਜ਼ੁਰਗ
Punjab News: ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਤੋਂ ਦਿਲ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ 70 ਸਾਲਾ ਬਜ਼ੁਰਗ ਦੀ ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ। ਮ੍ਰਿਤਕ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਪਿੰਡ ਟਿੱਬਾ ਦੇ ਵਾਸੀ ਸਨ, ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਪਰਵਾਰ ਡੂੰਘੇ ਸਦਮੇ 'ਚ ਹੈ।
ਪਰਵਾਰ ਮੁਤਾਬਕ ਸੁਰਿੰਦਰ ਸਿੰਘ ਅਪਣੇ ਘਰ ਤੋਂ ਕੁੱਝ ਕਿਲੋਮੀਟਰ ਦੂਰ ਕਿਸੇ ਨਾਲ ਦੇ ਪਿੰਡ 'ਚ ਗੁੜ ਲੈਣ ਲਈ ਗਏ ਹੋਏ ਸਨ। ਜਦੋਂ ਉਥੋਂ ਦੇ ਕਾਮਿਆਂ ਵਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਸੁਰਿੰਦਰ ਸਿੰਘ ਵੀ ਗੁੜ ਕੱਢੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨੇੜੇ ਖੜ੍ਹੇ ਸਨ। ਇਸ ਦੌਰਾਨ ਅਚਾਨਕ ਸੁਰਿੰਦਰ ਸਿੰਘ ਨੂੰ ਚੱਕਰ ਆ ਗਿਆ ਅਤੇ ਉਹ ਗਰਮ ਗੁੜ ਦੇ ਕੜਾਹੇ 'ਚ ਜਾ ਡਿੱਗੇ। ਜਦੋਂ ਤਕ ਉਨ੍ਹਾਂ ਨੂੰ ਕੜਾਹੇ 'ਚੋਂ ਬਾਹਰ ਕੱਢਿਆ ਜਾਂਦਾ ਹੈ, ਉਦੋਂ ਤਕ ਪੂਰਾ ਸਰੀਰ ਝੁਲਸਿਆ ਪਿਆ ਸੀ।
ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਕੁੱਝ ਸਮਾਂ ਰੱਖਣ ਮਗਰੋਂ ਉਹ ਦਮ ਤੋੜ ਗਏ। ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਮੌਤ ਮਗਰੋਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।