ਕਾਂਗਰਸ ਹਾਈਕਮਾਨ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ’ਤੇ ਲਾਈ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਫ਼ੈਸਲਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਅਹਿਮ ਮੀਟਿੰਗ ਵਿਚ ਹੋਇਆ

Captain Amarinder Singh & Rahul Gandhi

ਚੰਡੀਗੜ੍ਹ: ਕਾਂਗਰਸ ਵਲੋਂ ਪੰਜਾਬ ਵਿਚ ਅੱਜ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਹਾਈਕਮਾਨ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਉਤੇ ਮੋਹਰ ਲਗਾ ਦਿਤੀ ਹੈ। ਇਹ ਫ਼ੈਸਲਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਅਹਿਮ ਮੀਟਿੰਗ ਵਿਚ ਹੋਇਆ।

ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੌਜੂਦ ਸਨ। ਸੂਤਰਾਂ ਮੁਤਾਬਕ ਮੀਟਿੰਗ ਵਿਚ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਪੰਜਾਬ ਦੇ ਸੀਨੀਅਰ ਲੀਡਰਾਂ ਨੇ ਵੇਰਵਾ ਦੇਣ ਤੋਂ ਇਨਕਾਰ ਕੀਤਾ।

ਜ਼ਿਕਰਯੋਗ ਹੈ ਕਿ ਕਾਂਗਰਸ ਨੇ ਹੁਣ ਤੱਕ ਛੇ ਉਮੀਦਵਾਰਾਂ ਦੇ ਨਾਂ ਐਲਾਨ ਦਿਤੇ ਹਨ। ਅੱਜ ਸ਼ਾਮ ਜਾਂ ਕੱਲ੍ਹ ਤੱਕ ਤਿੰਨ ਹੋਣ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਚਾਰ ਸੀਟਾਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ ਤੇ ਅਨੰਦਪੁਰ ਸਾਹਿਬ ਹੀ ਰਹਿ ਜਾਣਗੀਆਂ। ਇਨ੍ਹਾਂ ਹਲਕਿਆਂ 'ਤੇ ਉਮੀਦਵਾਰਾਂ ਦੇ ਐਲਾਨ ਵਿਚ ਕੁਝ ਦੇਰੀ ਹੋ ਸਕਦੀ ਹੈ ਕਿਉਂਕਿ ਇਸ ਬਾਰੇ ਅਜੇ ਪੰਜਾਬ ਸਕਰੀਨਿੰਗ ਕਮੇਟੀ ਵੀ ਇੱਕਮਤ ਨਹੀਂ ਹੈ।