ਜਾਣੋ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਬਾਰੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਵੱਖ-ਵੱਖ ਰਾਜਸੀ ਪਾਰਟੀਆਂ ਨੇ ਅਪਣੇ...

Dr. Amar Singh

ਸ਼੍ਰੀ ਫ਼ਤਿਹਗੜ੍ਹ ਸਾਹਿਬ : ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਵੱਖ-ਵੱਖ ਰਾਜਸੀ ਪਾਰਟੀਆਂ ਨੇ ਅਪਣੇ ਉਮੀਦਵਾਰਾਂ ਚੋਣ ਮੈਦਾਨ ਵਿਚ ਉਤਾਰਨੇ ਸ਼ੁਰੂ ਕਰ ਦਿਤੇ ਗਏ ਹਨ। ਜੇਕਰ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਸਿਆਸੀ ਪਾਰਟੀਆਂ ਵਲੋਂ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੇਂਡੂ ਹਲਕੇ ਵਜੋਂ ਜਾਣੇ ਜਾਂਦੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਭਾਵੇਂ ਕਿ ਕਈ ਸਿਆਸੀ ਆਗੂ ਲੋਕ ਸਭਾ ਲਈ ਟਿਕਟ ਲੈਣ ਲਈ ਸਿਰਤੋੜ ਯਤਨ ਕਰ ਰਹੇ ਹਨ ਪਰ ਜੇਕਰ ਪਾਰਟੀ ਦੇ ਅੰਦਰੂਨੀ ਸੂਤਰਾਂ 'ਤੇ ਯਕੀਨ ਕੀਤਾ ਜਾਵੇ ਤਾਂ ਪਾਰਟੀ ਵਲੋਂ ਇਸ ਹਲਕੇ ਤੋਂ ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਡਾ. ਅਮਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਕਈ ਉੱਚ ਆਗੂਆਂ ਨੇ ਯਤਨ ਕੀਤਾ।

ਇਥੇ ਇਹ ਵਿਸ਼ੇਸ਼ ਤੌਰ 'ਤੇ ਦਸਣਯੋਗ ਹੈ ਕਿ ਡਾ. ਅਮਰ ਸਿੰਘ ਨੂੰ ਬਤੌਰ ਆਈ. ਏ. ਐਸ. ਸੇਵਾ ਦੌਰਾਨ ਜਿਥੇ ਸੂਬਾ ਮੱਧ ਪ੍ਰਦੇਸ਼ ਵਿੱਚ ਸਾਬਕਾ ਮੁੱਖ ਮੰਤਰੀ ਸ੍ਰੀ ਦਿਗਵਿਜੇ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਬੜਾ ਨੇੜੇ ਹੋ ਕੇ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੈ, ਉਥੇ ਹੀ ਉਨ੍ਹਾਂ ਵਲੋਂ ਅਪਣੀ ਸਰਕਾਰੀ ਸਰਵਿਸ ਦੇ ਆਖ਼ਰੀ 10-12 ਸਾਲਾਂ ਦੌਰਾਨ ਨਵੀਂ ਦਿੱਲੀ ਵਿਖੇ ਵੱਖ-ਵੱਖ ਕੇਂਦਰੀ ਮੰਤਰਾਲਿਆਂ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਗਿਆ। ਡਾ. ਅਮਰ ਸਿੰਘ ਨੇ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਿਚ ਤਾਇਨਾਤੀ ਦੌਰਾਨ ਮਗਨਰੇਗਾ ਯੋਜਨਾ ਤਹਿਤ ਕਈ ਯੋਜਨਾਵਾਂ ਨੂੰ ਘੜਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਡਾ. ਅਮਰ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਰਾਏਕੋਟ ਤੋਂ ਚੋਣ ਲੜੀ ਸੀ, ਜਿਸ ਵਿਚ ਭਾਵੇਂਕਿ ਉਹ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ। ਪੰਜਾਬ ਸਰਕਾਰ ਦੇ ਦੋ ਸਾਲਾਂ ਦੌਰਾਨ ਉਹ ਹਲਕਾ ਰਾਏਕੋਟ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਫ਼ਾਇਰ ਬ੍ਰਿਗੇਡ, ਪਿੰਡ ਤੁਗਲ ਦਾ ਪੁੱਲ ਦੀ ਸਹੂਲਤ ਦਿਵਾਉਣ ਦੇ ਨਾਲ-ਨਾਲ ਖੰਨਾ ਤੋਂ ਵਾਇਆ ਮਲੇਰਕੋਟਲਾ ਰਾਏਕੋਟ ਜਲੰਧਰ ਤਕ ਰਾਜ ਮਾਰਗ ਨੂੰ ਰਾਸ਼ਟਰੀ ਮਾਰਗ ਵਿੱਚ ਤਬਦੀਲ ਕਰਾਉਣ ਅਤੇ ਹਲਵਾਰਾ ਸਥਿਤ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਵਾਉਣ ਵਿਚ ਵੀ ਸਫ਼ਲ ਰਹੇ ਹਨ।