ਵਿਜੀਲੈਂਸ ਵਲੋਂ 5 ਹਜ਼ਾਰ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਫ਼ਤੀਸ਼ ਵਿਚ ਸ਼ਾਮਲ ਕਰਨ ਬਦਲੇ ਮੰਗੀ ਸੀ ਰਿਸ਼ਵਤ

Bribe Case

ਪਟਿਆਲਾ: ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਏਐਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਸ ਵਿਰੁਧ ਥਾਣਾ ਵਿਜੀਲੈਂਸ ਬਿਊਰੋ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਸੇਵਾ ਮੁਕਤ ਨਾਇਬ ਸੂਬੇਦਾਰ ਵਿਜੈ ਕੁਮਾਰ ਵਾਸੀ ਪਿੰਡ ਰੌਣੀ ਵਿਰੁਧ ਥਾਣਾ ਪਸਿਆਣਾ ਵਿਖੇ ਸਾਲ 2017 ਵਿਚ ਇਕ ਮੁਕੱਦਮਾ ਦਰਜ ਹੋਇਆ ਸੀ ਜਿਸ ਸਬੰਧੀ ਵਿਜੈ ਕੁਮਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਦੋਸ਼ ਹੈ ਕਿ ਸੈਂਚਰੀ ਇਨਕਲੇਵ ਪੁਲਿਸ ਚੌਕੀ ਏਐਸਆਈ ਬਲਵੀਰ ਸਿੰਘ ਨੇ ਵਿਜੈ ਕੁਮਾਰ ਨੂੰ ਜ਼ਮਾਨਤ ਹੋਣ ਤੋਂ ਬਾਅਦ ਤਫਤੀਸ਼ ਵਿਚ ਸ਼ਾਮਲ ਕਰਨ ਲਈ 5 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਵਿਜੈ ਕੁਮਾਰ ਮੁਤਾਬਕ ਏਐਸਆਈ ਨੇ ਰਿਸ਼ਵਤ ਵਜੋਂ 2 ਹਜ਼ਾਰ ਮੌਕੇ 'ਤੇ ਹੀ ਲੈ ਲਏ। ਇਸ ਮਾਮਲੇ ਸਬੰਧੀ ਵਿਜੈ ਕੁਮਾਰ ਨੇ ਵਿਜੀਲੈਂਸ ਨੂੰ ਜਾਣਕਾਰੀ ਦਿਤੀ ਜਿਸ 'ਤੇ ਵਿਜੀਲੈਂਸ ਨੇ ਜਾਲ ਵਿਛਾਉਂਦਿਆਂ ਏਐਸਆਈ ਬਲਵੀਰ ਸਿੰਘ ਨੂੰ ਵਿਜੈ ਕੁਮਾਰ ਤੋਂ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਏਐਸਆਈ ਨੂੰ ਗ੍ਰਿਫਤਾਰ ਕਰਨ ਵਾਲੀ ਵਿਜੀਲੈਂਸ ਵਿਭਾਗ ਦੀ ਟੀਮ ਵਿਚ ਇੰਸਪੈਕਟਰ ਪ੍ਰਿਤਪਾਲ ਸਿੰਘ, ਏਐਸਆਈ ਪਵਿੱਤਰ ਸਿੰਘ, ਏਐਸਆਈ ਕੁੰਦਨ ਸਿੰਘ, ਏਐਸਆਈ ਰਾਮ ਸਰੂਪ ਸਮੇਤ ਹੋਰ ਮੁਲਾਜ਼ਮ ਸ਼ਾਮਲ ਸਨ।