ਰਾਜ ਕੁਮਾਰ ਵੇਰਕਾ ਵਲੋਂ ਲਗਾਏ ਇਲਜ਼ਾਮਾਂ ’ਤੇ ਜਾਖੜ ਦਾ ਸਪੱਸ਼ਟੀਕਰਨ, ‘ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਨੀਲ ਜਾਖੜ ਨੇ ਕਿਹਾ ਕਿ ਅਪਣੇ ਜੀਵਨ ਦੌਰਾਨ ਉਹਨਾਂ ਨੇ ਹਰੇਕ ਧਰਮ ਅਤੇ ਜਾਤ ਦਾ ਸਨਮਾਨ ਕੀਤਾ ਹੈ।

Sunil Jakhar

 

ਚੰਡੀਗੜ੍ਹ: ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਵਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅਪਣੇ ਜੀਵਨ ਦੌਰਾਨ ਉਹਨਾਂ ਨੇ ਹਰੇਕ ਧਰਮ ਅਤੇ ਜਾਤ ਦਾ ਸਨਮਾਨ ਕੀਤਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੀ ਧਰਮ/ਜਾਤੀ ਪ੍ਰਤੀ ਟਿੱਪਣੀ ਕਰਨ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਅਪਣੇ ਸਿਆਸੀ ਜੀਵਨ ਵਿਚ ਮੈਂ ਪਿਛੜੇ ਵਰਗ ਦੀ ਲੜਾਈ ਹਮੇਸ਼ਾ ਅੱਗੇ ਹੋ ਕੇ ਲੜੀ ਹੈ। ਮੈਨੂੰ ਅਫ਼ਸੋਸ ਹੈ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਖੇਦ ਹੈ।

Sunil Jakhar

ਜਾਖੜ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਕਾਂਗਰਸ ਹਾਈਕਮਾਂਡ ਨੂੰ ਦਿੱਲੀ ਵਿਚ ਵਿਚਰਦੇ ਲੋਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਸੀ। ਇਹ ਲੋਕ ਕਾਂਗਰਸ ਹਾਈਕਮਾਂਡ ਉੱਤੇ ਦਬਾਅ ਬਣਾ ਕੇ ਕਾਂਗਰਸ ’ਤੇ ਕਾਬਜ ਹੋਣਾ ਚਾਹੁੰਦੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਲੋੜ ਤੋਂ ਜ਼ਿਆਦਾ ਮਹੱਤਵ ਨਾ ਦਿੱਤਾ ਜਾਵੇ ਤੇ ਸਿਰ ਉੱਤੇ ਨਾ ਬਿਠਾਇਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਕਾਂਗਰਸ ਹਾਈਕਮਾਂਡ ਦੇ ਰੁਤਬੇ ਨੂੰ ਢਾਹ ਲੱਗਦੀ ਹੈ ਉੱਥੇ ਹੀ ਕਰੋੜਾਂ ਕਾਂਗਰਸ ਵਰਕਰਾਂ ਦਾ ਵੀ ਅਪਮਾਨ ਹੁੰਦਾ ਹੈ। ਇਹ ਬਿਆਨ ਸਿਰਫ਼ ਕਾਂਗਰਸ ਲੀਡਰਸ਼ਿਪ ਨੂੰ ਸੁਚੇਤ ਕਰਨ ਲਈ ਦਿੱਤੇ  ਗਏ ਸਨ ਨਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਲਈ।

Sunil Jakhar

ਦੱਸ ਦੇਈਏ ਕਿ ਰਾਜਕੁਮਾਰ ਵੇਰਕਾ ਨੇ ਕਿਹਾ ਸੀ ਕਿ ਸੁਨੀਲ ਜਾਖੜ ਨੂੰ ਅਪਣੇ ਬਿਆਨ ਲਈ ਦਲਿਤ ਭਾਈਚਾਰੇ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਕੌਮ ਤੋਂ ਮੁਆਫੀ ਮੰਗਣੀ ਪਵੇਗੀ। ਨਹੀਂ ਤਾਂ ਦਲਿਤ ਭਾਈਚਾਰਾ ਕਾਂਗਰਸ ਹਾਈਕਮਾਂਡ ਨੂੰ ਜਾਖੜ ਨੂੰ ਪਾਰਟੀ ਤੋਂ ਬਾਹਰ ਕਰਨ ਲਈ ਮਜਬੂਰ ਕਰ ਦੇਵੇਗਾ।