ਸੁਰੱਖਿਆ ਕਰਮਚਾਰੀ ਨੇ ਕੀਤੀ ਸੰਨੀ ਦਿਓਲ ਵਿਰੁੱਧ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਇਸ ਸ਼ਿਕਾਇਤ 'ਤੇ ਵਿਚਾਰ ਕਰ ਰਹੀ ਹੈ

Sunny Deol

ਗੁਰਦਾਸਪੁਰ- ਸੰਨੀ ਦਿਓਲ ਨਾਲ ਸੈਲਫੀਆਂ ਲੈਣ ਅਤੇ ਪ੍ਰੋਟੋਕੋਲ ਟੁੱਟਣ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਸੰਨੀ ਨਾਲ ਵੱਡਾ ਇਤਰਾਜ਼ ਹੈ।  ਗੁਰਦਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨਾਲ ਤਾਇਨਾਤ ਕੀਤੇ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਚੋ ਇਕ ਥਾਣੇਦਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਾਰਵਾਈ ਹੈ ਕਿ ਸੰਨੀ ਦਿਓਲ ਪ੍ਰੋਟੋਕਾਲ ਤੋੜ ਰਹੇ ਹਨ ਅਤੇ ਸੁਰੱਖਿਆ ਨੂੰ ਪਿੱਛੇ ਛੱਡ ਰਹੇ ਹਨ। ਪੁਲਿਸ ਇਸ ਸ਼ਿਕਾਇਤ 'ਤੇ ਵਿਚਾਰ ਕਰ ਰਹੀ ਹੈ।  ਜਦ ਕਿ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੰਨੀ ਦਿਓਲ ਨਾਲ ਚੋਣ ਪ੍ਰਚਾਰ ਵਿਚ ਲੱਗੇ ਆਗੂ ਅਸ਼ਵਨੀ ਸ਼ਰਮਾ ਦਾ ਦੋਸ਼ ਸੀ ਕਿ ਪੁਲਿਸ ਆਪਣੇ ਕਮਜ਼ੋਰ ਸੁਰੱਖਿਆ ਪ੍ਰਬੰਧਾਂ ਨੂੰ ਲੁਕਾਉਣ ਲਈ ਝੂਠ ਬੋਲ ਰਹੀ ਹੈ।

ਸੰਨੀ ਦਿਓਲ ਨਾਲ ਫੋਟੋ ਖਿਚਵਾਉਣ ਦਾ ਕਰੇਜ਼ ਲਗਾਤਾਰ ਵੱਧ ਰਿਹਾ ਹੈ। ਵੋਟ ਪ੍ਰਚਾਰ ਦੇ ਬਹਾਨੇ ਸੰਨੀ ਨੂੰ ਨੇੜੇ ਤੋਂ ਮਿਲਣ ਅਤੇ ਸੈਲਫ਼ੀ ਲੈਣ ਲਈ ਵੋਟਰਾਂ ਦੀ ਦੌੜ ਲੱਗ ਜਾਂਦੀ ਹੈ। ਸੰਨੀ ਦਿਓਲ ਦੀ ਸੁਰੱਖਿਆ ਵਿਚ ਲੱਗੇ ਪੁਲਿਸ ਕਰਮਚਾਰੀਆਂ ਦੀ ਪ੍ਰੇਸ਼ਾਨੀ ਵੀ ਇਹੀ ਹੈ ਕਿ ਉਹ ਕੋਈ ਪ੍ਰਵਾਹ ਕੀਤੇ ਬਗੈਰ ਲੋਕਾਂ ਵਿਚ ਵੜ ਜਾਂਦੇ ਹਨ ਅਤੇ ਉਨ੍ਹਾਂ ਦਾ ਕਾਫ਼ਿਲਾ ਉਨ੍ਹਾਂ ਨੂੰ ਪਿਛੇ ਛੱਡ ਜਾਂਦਾ ਹੈ। ਸੰਨੀ ਦੀ ਸੁਰੱਖਿਆ ਵਿਚ ਲੱਗੇ ਇਕ ਏ.ਐੱਸ ਆਈ ਵੱਲੋ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਸੰਨੀ ਦਿਓਲ ਉਨ੍ਹਾਂ ਨੂੰ ਪਿਛੇ ਛੱਡ ਕੇ ਅਣਜਾਣ ਰਾਹਾਂ 'ਤੇ ਚਲੇ ਜਾਂਦੇ ਹਨ , ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ।

ਇਸ ਬਾਰੇ ਜਦ ਸੰਨੀ ਦਿਓਲ ਨਾਲ ਗੱਲ ਕੀਤੀ ਗਈ ਤਾਂ ਉਹ ਗੱਲ ਟਾਲ ਗਏ, ਜਦਕਿ ਉਨ੍ਹਾਂ ਨਾਲ ਚੋਣ ਪ੍ਰਚਾਰ ਵਿਚ ਲੱਗੇ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਸੁਰੱਖਿਆ ਵਿਚ ਲੱਗੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਤੋਂ ਕੋਤਾਹੀ ਨਹੀਂ ਵਰਤਣੀ ਚਾਹੀਦੀ, ਜੇਕਰ ਕਿਸੇ ਨੇ ਉਨ੍ਹਾਂ ਨੂੰ ਕੁਝ ਕਹਿ ਵੀ ਦਿੱਤਾ ਤਾਂ ਆਪਣੀ ਡਿਊਟੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਜਿੰਮੇਵਾਰੀ ਵਿਚ ਕੋਤਾਹੀ ਵਰਤ ਰਹੀ ਹੈ,

ਇਕ ਦਿਨ ਪਹਿਲਾ ਵੀ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਸੁਰੱਖਿਆ ਦੇ ਖਾਸ ਪ੍ਰਬੰਧ ਨਹੀਂ ਸਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਆਪਣੀ ਗ਼ਲਤੀ ਸੁਧਾਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਸੰਨੀ ਦਿਓਲ ਬਾਲੀਵੁੱਡ ਦੀ ਖ਼ਾਸ ਹਸਤੀ ਹੈ ਅਤੇ ਅਜਿਹੇ ਵਿਚ ਹਰ ਕੋਈ ਉਨ੍ਹਾਂ ਨਾਲ ਮਿਲਣਾ ਚਾਹੁੰਦਾ ਹੈ। ਦੂਜੇ ਪਾਸੇ ਡੀ ਐੱਸ ਪੀ ਪ੍ਰੇਮ ਕੁਮਾਰ ਨੇ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਪੁਲਿਸ ਸਰੱਖਿਆ ਦੀ ਕਮੀ ਤੋਂ ਇਨਕਾਰ ਕੀਤਾ।  ਉਨ੍ਹਾਂ ਕਿਹਾ ਕਿ ਪੁਲਿਸ ਵੱਲੋ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।