ਸੰਨੀ ਦਿਓਲ ਦੇ ਰਿਹਾ ਹੈ ਚੋਣ ਕਮੀਸ਼ਨ ਨੂੰ ਧੋਖਾ: ਹਿਮਾਂਸ਼ੂ ਪਾਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ, ਕੀ ਹੈ ਪੂਰਾ ਮਾਮਲਾ

Sunny Deol is befooling the Election Commission: Himanshu Pathak

ਜਲੰਧਰ: ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੇ ਸੁਬਾਈ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ’ਤੇ ਦੋਸ਼ ਲਾਉਦਿਆਂ ਕਿਹਾ ਕਿ ਸੰਨੀ ਦਿਓਲ ਚੋਣ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਸੰਨੀ ਦਿਓਲ ਚੋਣ ਕਮਿਸ਼ਨ ਨਾਲ ਬਹੁਤ ਵੱਡਾ ਧੋਖਾ ਕਰ ਰਿਹਾ ਹੈ।

ਉਸ ਨੇ ਫੇਸਬੁੱਕ ’ਤੇ ਬਣੇ ਪੇਜ਼ "ਫੈਨਜ਼ ਆਫ ਸੰਨੀ ਦਿਓਲ" ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੰਨੀ ਦਿਓਲ ਇਸ ਪੇਜ਼ ਰਾਹੀਂ ਲੱਖਾਂ ਰੁਪਏ ਦਾ ਪੇਡ-ਪ੍ਰਚਾਰ ਕਰ ਰਹੇ ਹਨ ਅਤੇ ਚੋਣ ਕਮਿਸ਼ਨ ਨੂੰ ਇਸ ਬਾਰੇ ਕੁੱਝ ਨਹੀਂ ਦਸਿਆ ਜਾ ਰਿਹਾ। ਇਹ ਬਿਲਕੁੱਲ ਗ਼ਲਤ ਕੰਮ ਕੀਤਾ ਜਾ ਰਿਹਾ ਹੈ। ਹਿਮਾਂਸ਼ੂ ਨੇ ਅੱਗੇ ਕਿਹਾ ਕਿ ਸੰਨੀ ਦਿਓਲ ਨੇ ਆਪਣਾ ਜੋ ਪੇਜ਼ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਇਆ ਹੈ..

..ਉਸ ’ਤੇ ਉਹ ਕੋਈ ਪੇਡ-ਪ੍ਰਚਾਰ ਨਹੀਂ ਕਰ ਰਹੇ ਜਦਕਿ ਜਿਸ ਪੇਜ਼ ’ਤੇ ਉਹ ਪੇਡ-ਪ੍ਰਚਾਰ ਕਰ ਰਹੇ ਹਨ ਉਸ ਨੂੰ ਉਹਨਾਂ ਚੋਣ ਕਮਿਸ਼ਨ ਕੋਲੋਂ ਲੁਕੋ ਕੇ ਰੱਖਿਆ ਹੋਇਆ ਹੈ। ਪਾਠਕ ਨੇ ਇਹ ਵੀ ਦੋਸ਼ ਲਾਇਆ ਕਿ "ਫੈਨਜ਼ ਆਫ ਸੰਨੀ ਦਿਓਲ" ਦਾ ਪੇਜ਼ ਚਾਰ ਦਿਨਾਂ ਵਿਚ ਹੀ ਬਹੁਤ ਮਸ਼ਹੂਰ ਹੋ ਗਿਆ ਹੈ ਜੋ ਕਿ ਸਾਧਾਰਨ ਹਾਲਾਤਾਂ ਵਿਚ ਬਣਨਾ ਨਾਮੁਮਕਿਨ ਹੈ।

ਪਾਠਕ ਨੇ ਕਿਹਾ ਕਿ ਉਹਨਾਂ ਸੰਨੀ ਦਿਓਲ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰ ਦਿੱਤੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਨਿਰਪੱਖ ਕਾਰਵਾਈ ਕਰਦਿਆ ਸੰਨੀ ਦਿਓਲ ਵਿਰੁੱਧ ਸਖ਼ਤ ਕਾਰਵਾਈ ਕਰੇਗਾ। ਹਿਮਾਸ਼ੂ ਮੁਤਾਬਕ ਉਹਨਾਂ ਸੰਨੀ ਦਿਓਲ ਦੀ ਉਮੀਦਵਾਰੀ ਰੱਦ ਕਰਾਉਣ ਦੀ ਮੰਗ ਕੀਤੀ ਹੈ। ਪਾਠਕ ਨੇ ਸੰਨੀ ਦਿਓਲ ਵਲੋਂ ਆਪਣੀ ਚੋਣ ਮੁਹਿੰਮ ਵਿਚ ਲਾਏ ਜਾ ਰਹੇ ਪੈਸੇ ’ਤੇ ਵੀ ਸਵਾਲ ਚੁਕਿਆ ਹੈ।

ਪਾਠਕ ਨੇ ਕਿਹਾ ਕਿ ਭਾਜਪਾ, ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਵਿਦੇਸ਼ਾਂ ਤੋਂ ਪੈਸਾ ਮੰਗਵਾ ਰਹੀ ਹੈ ਤੇ ਸਾਰਾ ਕਾਲ ਧੰਨ ਸੰਨੀ ਦਿਓਲ ਦੀ ਚੋਣ ਮੁਹਿੰਮ ਵਿਚ ਵਰਤਿਆ ਜਾ ਰਿਹਾ ਹੈ। ਪਾਠਕ ਨੇ ਕਿਹਾ ਕਿ ਭਾਜਪਾ ਦਾ ਨਿਸ਼ਾਨਾ ਮਹਿਜ ਗੁਰਦਾਸਪੁਰ ਸੀਟ ਜਿਤਣਾ ਨਹੀਂ ਹੈ ਬਲਕਿ ਭਾਜਪਾ ਦਾ ਮੰਤਵ ਤਾਂ ਸੁਨੀਲ ਜਾਖੜ ਨੂੰ ਹਰਾਉਣਾ ਹੈ। ਸੁਨੀਲ ਜਾਖੜ ਅਕਾਲੀ-ਭਾਜਪਾ ਦੇ ਸੰਪਰਦਾਇਕ ਧਰੂਵੀਕਰਨ ਏਜੰਡੇ ਨੂੰ ਬੇਨਕਾਬ ਤੇ ਫੇਲ ਕਰ ਰਿਹਾ।

ਪਾਠਕ ਨੇ ਕਿਹਾ ਕਿ ਬਾਦਲ ਪਰਿਵਾਰ ਪੰਜਾਬ 'ਚ ਸੰਪਰਦਾਇਕ ਤਨਾਅ ਨੂੰ ਹਵਾ ਦਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਰਗਾੜੀ ਤੇ ਬਹਿਬਲਾਂ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਹੋਣ ਦੀ ਉਡੀਕ ਕਰ ਹਨ ਤੇ ਜਿਸ ਲਈ ਸੁਨੀਲ ਜਾਖੜ ਨੇ ਅਹਿਮ ਰੋਲ ਅਦਾ ਕੀਤਾ ਹੈ। ਪਾਠਕ ਨੇ ਕਿਹਾ ਸੁਨੀਲ ਜਾਖੜ ਨੇ ਇਹ ਕਈ ਵਾਰ ਸਾਫ ਵੀ ਕੀਤਾ ਹੈ ਕਿ ਪੰਜਾਬ ਦੇ ਸਮੁੱਚੇ ਲੋਕ ਇੰਨਾਂ ਕੇਸਾਂ 'ਚ ਇਨਸਾਫ਼ ਚਾਹੁੰਦੇ ਹਨ।

ਪਾਠਕ ਨੇ ਕਿਹਾ ਕਿ ਜਾਖੜ ਨੇ ਬਾਦਲਾਂ ਦੀ ਪੰਜਾਬ ਦੇ ਲੋਕਾਂ ਵਿਚ ਵੰਡੀਆਂ ਪਾਉਣ ਦੀਆ ਕੋਸ਼ਿਸਾਂ ਨੂੰ ਫ਼ੇਲ੍ਹ ਤੇ ਨਕਾਮ ਕਰ ਦਿਤਾ ਹੈ। ਸਬੂਤ ਵਜੋਂ ਪੇਜ਼ ਦੇ ਸਕਰੀਨ ਸ਼ੌਟਸ਼ ਨਾਲ ਅਟੈਚ ਕੀਤੇ ਗਏ ਹਨ, ਜਿੰਨਾਂ ’ਤੇ ਸੰਨੀ ਦਿਓਲ ਵਲੋਂ ਕੀਤੇ ਗਏ ਪੇਡ-ਪ੍ਰਚਾਰ ਦਾ ਵੇਰਵਾ ਵੀ ਹੈ।