ਦਮਦਮਾ ਸਾਹਿਬ ਦੀ ਸਰਾਂ ਬਣੇਗੀ 100 ਬੈੱਡ ਦਾ ਕੋਰੋਨਾ ਹਸਪਤਾਲ : ਹਰਸਿਮਰਤ ਕੌਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਮਜ਼ ਪ੍ਰਬੰਧਕਾਂ ਵੀ ਦਿਤੇ 100 ਬੈੱਡ ਦੇ ਆਰਡਰ, ਰਿਫ਼ਾਇਨਰੀ ਦੇਵੇਗੀ ਆਕਸੀਜਨ ਦੀ ਸਪਲਾਈ

Harsimrat Badal

ਬਠਿੰਡਾ (ਬਲਵਿੰਦਰ ਸ਼ਰਮਾ): ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ’ਚ ਜ਼ਰੂਰਤ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸਰਾਂ ਨੂੰ 100 ਬੈੱਡ ਦੇ ਕੋਰੋਨਾ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਨਾਲ ਵੀ ਹੋ ਚੁੱਕੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਕਹਿਰ ਐਨਾ ਜ਼ਿਆਦਾ ਵਧ ਗਿਆ ਹੈ ਕਿ ਸੱਭ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਦੇ ਚਲਦਿਆਂ ਅਕਾਲੀ ਦਲ ਵੀ ਯਤਨਸ਼ੀਲ ਹੈ। ਅਗਲੀ ਕੜੀ ਤਹਿਤ ਉਨ੍ਹਾਂ ਵਲੋਂ ਏਮਜ਼ ਹਸਪਤਾਲ ਦੇ ਡਾਇਰੈਕਟਰ ਨਾਲ ਵੀ ਗੱਲਬਾਤ ਕੀਤੀ ਗਈ ਸੀ, ਜਿਨ੍ਹਾਂ ਦਸਿਆ ਕਿ ਏਮਜ਼ ਨੇ ਵੀ 100 ਬੈੱਡ ਦਾ ਕੋਰੋਨਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਹੋਰ ਸਾਾਮਾਨ ਤੋਂ ਇਲਾਵਾ 100 ਬੈੱਡ ਦਾ ਆਰਡਰ ਕਰ ਦਿਤਾ ਹੈ। ਜਦਕਿ ਇਸ ਤੋਂ ਤੁਰਤ ਬਾਅਦ 100 ਬੈੱਡ ਦੇ ਹਸਪਤਾਲ ਦੀ ਹੋਰ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਜਲਦੀ ਹੀ ਤਿਆਰ ਹੋ ਜਾਵੇਗਾ। ਬੀਬੀ ਬਾਦਲ ਨੇ ਦਸਿਆ ਕਿ ਉਹ ਐਚ.ਐਮ.ਈ.ਐਲ. ਰਿਫ਼ਾਇਨਰੀ ਦੇ ਪ੍ਰਬੰਧਕਾਂ ਨਾਲ ਵੀ ਲਗਾਤਾਰ ਸੰਪਰਕ ਵਿਚ ਹਨ, ਜੋ ਇਨ੍ਹਾਂ ਹਸਪਤਾਲਾਂ ਨੂੰ ਹੀ ਨਹੀਂ, ਸਗੋਂ ਇਲਾਕੇ ਦੇ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਕਸੀਜਨ ਗੈਸ ਦੀ ਸਪਲਾਈ ਦੇਣਗੇ। ਜਿਥੇ ਇਕ ਵੱਡਾ ਆਕਸੀਜਨ ਪਲਾਂਟ ਲੱਗਾ ਹੋਇਆ ਹੈ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਉਪਰੋਕਤ ਹਸਪਤਾਲਾਂ ਲਈ ਕਰੀਬ 300 ਗੈਸ ਸਿਲੰਡਰਾਂ ਦਾ ਪ੍ਰਬੰਧ ਕੀਤਾ ਜਾਵੇ, ਜਿਨ੍ਹਾਂ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਅਪਣੇ ਐਮ.ਪੀ. ਕੋਟੇ ’ਚੋਂ ਵੀ ਜਲਦੀ ਫ਼ੰਡ ਜਾਰੀ ਕਰਨਗੇ ਤਾਕਿ ਕੋਰੋਨਾ ਮਰੀਜ਼ਾਂ ਲਈ ਸਹੂਲਤਾਂ ਦਾ ਪ੍ਰਬੰਧ ਹੋ ਸਕੇ।