ਐਸਐਚਓ ਨੂੰ ਮਹਿੰਗੀ ਪਈ ਫ਼ਿਲਮੀ ਅੰਦਾਜ਼ ਵਿਚ ‘ਗੁੰਡਾਗਰਦੀ’, ਡੀਜੀਪੀ ਨੇ ਕੀਤਾ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ  | ਪ੍ਰਮੋਦ ਕੌਸ਼ਲ

ਖ਼ਬਰਾਂ, ਪੰਜਾਬ

ਲੱਤ ਮਾਰ ਕੇ ਖਿਲਾਰੀ ਰੇਹੜੀ ਵਾਲੇ ਦੀ ਸਬਜ਼ੀ, ਪੁਲਿਸ ਨੇ ਕੀਤੀ ਨੁਕਸਾਨ ਦੀ ਭਰਪਾਈ

SHO suspended for kicking cart of vegetable vendor

ਫਗਵਾੜਾ (ਪ੍ਰਮੋਦ ਕੌਸ਼ਲ) : ਫਗਵਾੜਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਨੂੰ ‘ਫ਼ਿਲਮੀ ਅੰਦਾਜ਼ ਮਾਰਨਾ’ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਡੀਜੀਪੀ ਪੰਜਾਬ ਨੇ ਉਸ ਨੂੰ ਮੁਅੱਤਲ ਕਰਦੇ ਹੋਏ ਐਸਐਚਓ ਦੇ ਇਸ ਕਾਰੇ ਦੀ ਨਿਖੇਧੀ ਕੀਤੀ।  ਦਰਅਸਲ, ਐਸਐਚਓ ਫਗਵਾੜਾ ਨਵਦੀਪ ਸਿੰਘ ਬਾਜ਼ਾਰ ਵਿਚ ਫ਼ਲੈਗ ਮਾਰਚ ਕੱਢ ਰਹੇ ਸੀ ਅਤੇ ਜਦੋਂ ਉਹ ਫਗਵਾੜਾ ਦੀ ਲੋਹਾ ਮੰਡੀ ਨੇੜੇ ਅਪਣੇ ਲਾਵ-ਲਸ਼ਕਰ ਨਾਲ ਪਹੁੰਚੇ ਤਾਂ ਇਕ ਸਬਜ਼ੀ ਦੀ ਦੁਕਾਨ ਵਾਲੇ ਤੇ ਉਸ ਦਾ ਗੁੱਸਾ ਫੁੱਟ ਪਿਆ। 

ਉਸ ਨੇ ਉਕਤ ਸਬਜ਼ੀ ਵਾਲੇ ਦਾ ਪਹਿਲਾਂ ਤਾਂ ਸਬਜ਼ੀਆਂ ਤੋਲਣ ਵਾਲਾ ਕੰਡਾ ਚੁਕਿਆ ਤੇ ਅਪਣੀ ਗੱਡੀ ਵਿਚ ਸੁੱਟ ਲਿਆ ਅਤੇ ਬਾਅਦ ਵਿਚ ਜਦੋਂ ਉਕਤ ਸਬਜ਼ੀ ਵਾਲਾ ਐਸਐਚਓ ਦੀਆਂ ਮਿੰਨਤਾਂ ਕਰ ਰਿਹਾ ਸੀ ਤਾਂ ਐਸਐਚਓ ਨੇ ਦੁਕਾਨਦਾਰ ਦੀ ਇਕ ਨਾ ਸੁਣਦੇ ਹੋਏ ਉਸ ਦੇ ਮਿਰਚਾਂ ਦੇ ਭਰੇ ਟੋਕਰੇ ਨੂੰ ਲੱਤ ਮਾਰ ਕੇ ਖਿਲਾਰ ਦਿਤਾ।

ਇਸ ਸਾਰੇ ਮਾਮਲੇ ਦੀ ਵੀਡੀਉ ਬਣ ਗਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਖ਼ੁਦ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਟਵੀਟ ਕੀਤਾ ਜਿਸ ਵਿਚ ਐਸਐਚਓ ਦੀ ਇਸ ਸਾਰੀ ਕਰਤੂਤ ਨੂੰ ਸ਼ਰਮਨਾਕ ਦਸਦਿਆਂ ਐਸਐਚਓ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਵੀ ਦਿਤੀ ਗਈ ਅਤੇ ਨਾਲ ਹੀ ਕਿਹਾ ਕਿ ਅਜਿਹਾ ਦੁਰਵਿਵਹਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਅਜਿਹਾ ਕਰਦੇ ਮਿਲ ਗਿਆ ਤਾਂ ਸਖ਼ਤ ਕਾਰਵਾਈ ਕਰਨ ਦੀ ਵੀ ਗੱਲ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਅਪਣੇ ਟਵੀਟ ਵਿਚ ਕਹੀ ਹੈ। 

ਫਗਵਾੜਾ ਦੇ ਕੁੱਝ ਲੋਕਾਂ ਦੀ ਮੰਨੀਏ ਤਾਂ ਉਕਤ ਐਸਐਚਓ ਵਲੋਂ ਕੁੱਝ ਕੁ ਦਿਨਾਂ ਤੋਂ ਦੁਕਾਨਦਾਰਾਂ ਅਤੇ ਗ਼ਰੀਬ ਰੇਹੜੀ ਵਾਲਿਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਜਿਸ ਕਰ ਕੇ ਲੋਕ ਪ੍ਰੇਸ਼ਾਨ ਸੀ ਪਰ ਬੁੱਧਵਾਰ ਨੂੰ ਇਸ ਵਾਇਰਲ ਵੀਡੀਉ ਨੇ ਹਕੀਕਤ ਅਫ਼ਸਰਾਂ ਦੇ ਸਾਹਮਣੇ ਲਿਆਂਦੀ ਜਿਸ ਕਰ ਕੇ ਇਸ ਵਿਰੁਧ ਕਾਰਵਾਈ ਹੋ ਸਕੀ ਹੈ। 

ਉਧਰ, ਇਸ ਸਾਰੇ ਮਾਮਲੇ ਤੋਂ ਬਾਅਦ ਐਸਐਸਪੀ ਕਪੂਰਥਲਾ ਕੰਵਰਦੀਪ ਕੌਰ ਖ਼ੁਦ ਫਗਵਾੜਾ ਪਹੁੰਚੇ ਅਤੇ ਉਨ੍ਹਾ ਕਿਹਾ ਕਿ ਵਾਇਰਲ ਹੋਈ ਵੀਡੀਉ ਤੋਂ ਬਾਅਦ ਐਸਐਚਓ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਸਬਜ਼ੀ ਵਾਲੇ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਵੀ ਪੁਲਿਸ ਵਲੋਂ ਕੀਤੀ ਗਈ।