ਮੋਗਾ ’ਚ ਹੋਈ ਸ਼੍ਰੀ ਸੁਖਮਨੀ ਸਾਹਿਬ ਦੇ ਅੰਗਾਂ ਦੀ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਹ ’ਚ ਆਈਆਂ ਸਿੱਖ ਜਥੇਬੰਦੀਆਂ ਨੇ ਮੋਗਾ ਦੇ ਮੇਨ ਚੌਂਕ ’ਚ ਲਾਇਆ ਧਰਨਾ

Moga news

ਮੋਗਾ: ਮੋਗਾ ਦੇ ਸੋਢੀਆਂ ਵਾਲੇ ਮੁਹੱਲੇ ’ਚ ਵੀਰਵਾਰ ਨੂੰ ਸ਼੍ਰੀ ਸੁਖਮਨੀ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਵਾਪਰਨ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਵੀਰਵਾਰ ਨੂੰ ਸਥਾਨਕ ਅਕਾਲਸਰ ਰੋਡ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਨਗਰ ਕੀਰਤਨ ਉਕਤ ਮੁਹੱਲੇ ਵਿਚ ਪਹੁੰਚਣ ’ਤੇ ਝਾੜੂ ਦੀ ਸੇਵਾ ਨਿਭਾ ਰਹੇ ਇਕ ਲੜਕੇ ਦੀ ਨਿਗ੍ਹਾ ਨਾਲੀ ਵਿਚ ਪਈ ਜਿਥੇ ਸ਼੍ਰੀ ਸੁਖਮਨੀ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਸੁੱਟਿਆ ਹੋਇਆ ਸੀ।

ਜਦੋਂ ਉਨ੍ਹਾਂ ਨਾਲੀ ’ਚ ਪਏ ਲਿਫ਼ਾਫ਼ੇ ਨੂੰ ਦੇਖਿਆ ਜਿਸ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਅੰਗਾਂ ਨੂੰ ਅੱਗ ਲਾ ਕੇ ਨਾਲੀ ਵਿਚ ਸੁੱਟਿਆ ਹੋਇਆ ਸੀ ਤਾਂ ਉਸ ਨੇ ਅਪਣੇ ਨਾਲ ਦੇ ਸੇਵਾਦਾਰਾਂ ਅਤੇ ਪ੍ਰਬੰਧਕੀ ਕਮੇਟੀ ਨੂੰ ਦੱਸਿਆ। ਉਨ੍ਹਾਂ ਮੌਕੇ ’ਤੇ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਤਾਂ ਉਸ ਮੁਲਾਜ਼ਮ ਨੇ ਅਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ’ਤੇ ਐਸਐਸਪੀ ਅਮਰਜੀਤ ਸਿੰਘ ਬਾਜਵਾ, ਐਸਪੀਐਚ ਐਸਐਚ ਪਰਮਾਰ ਅਤੇ ਡੀਐਸਪੀ ਕੁਲਜਿੰਦਰ ਸਮੇਤ ਅਪਣੀ ਪੁਲਿਸ ਪਾਰਟੀ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਰੋਹ 'ਚ ਆਈਆਂ ਸਿੱਖ ਜਥੇਬੰਦੀਆਂ ਨੇ ਬੇਅਦਬੀ ਘਟਨਾ ਸਥਾਨ ਤੋਂ ਸ਼੍ਰੀ ਸੁਖਮਨੀ ਸਾਹਿਬ ਦੇ ਅੰਗਾਂ ਨੂੰ ਪਾਲਕੀ ਵਿਚ ਲਿਆ ਕੇ ਮੋਗਾ ਦੇ ਮੇਨ ਚੌਂਕ ’ਚ ਧਰਨਾ ਲਾ ਦਿਤਾ। ਦੇਰ ਸ਼ਾਮ ਪੁਲਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਫੜ੍ਹਨ ਲਈ ਭਰੋਸਾ ਦਿਤਾ।