ਹੁਣ ਟੀਵੀ ਸੀਰੀਅਲ 'ਛੋਟੀ ਸਰਦਾਰਨੀ' ਨੇ ਵਲੂੰਧਰੇ ਸਿੱਖਾਂ ਦੇ ਹਿਰਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਕਕਾਰਾਂ ਦੀ ਮਾਨਤਾ ਨੂੰ ਠੇਸ ਪਹੁੰਚਾਣ ਦਾ ਦੋਸ਼

TV Serial Choti Sardarni hurting Sikh sentiments

ਚੰਡੀਗੜ੍ਹ: ਵੱਡੇ ਅਤੇ ਛੋਟੇ ਪਰਦਿਆਂ ‘ਤੇ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਫਿਲਮਾਂ ਅਤੇ ਸੀਰੀਅਲਾਂ ਦਾ ਸਿੱਖਾਂ ਵੱਲੋਂ ਵਿਰੋਧ ਹੋਣ ਦੇ ਬਾਵਜੂਦ ਹੁਣ ਇਕ ਟੀਵੀ ਸੀਰੀਅਲ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਕਲਰ ਟੀਵੀ 'ਤੇ ਸ਼ੁਰੂ ਹੋਣ ਵਾਲੇ ਟੀਵੀ ਸੀਰੀਅਲ 'ਛੋਟੀ ਸਰਦਾਰਨੀ' ਦਾ ਸਿੱਖ ਭਾਈਚਾਰੇ ਵਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ ਇਸ ਟੀਵੀ ਸੀਰੀਅਲ ਵਿਚ ਪੰਜ ਕੱਕਾਰਾਂ ਨੂੰ ਲੈ ਕੇ ਬਣਾਈ ਗਈ ਸਟੋਰੀ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸੀਰੀਅਲ ਵਿਚ ਇਕ ਲੜਕੀ ਵਲੋਂ ਅਪਣੇ ਖ਼ੁਦ ਦੇ ਕਕਾਰ ਤਿਆਰ ਕਰਨ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਇਸ ਸੀਰੀਅਲ ਦੇ ਵਿਰੋਧ ਵਿਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਲਰ ਟੀਵੀ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ਼ ਆਵੇ ਅਤੇ ਇਸ ਸੀਰੀਅਲ ਨੂੰ ਤੁਰੰਤ ਬੰਦ ਕਰੇ।

ਉਧਰ ਇਸ ਮਾਮਲੇ ਵਿਚ ਦਿੱਲੀ ਦੇ ਇਕ ਸਿੱਖ ਮਨਮੀਤ ਸਿੰਘ ਦਾ ਕਹਿਣਾ ਹੈ ਕਿ ਟੀਵੀ ਸੀਰੀਅਲ ਵਿਚ ਦਿਖਾਈ ਜਾਣ ਵਾਲੀ ਕਹਾਣੀ ਨਾਲ ਕੱਕਾਰਾਂ ਦੇ ਮਤਲਬ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਦੁਨੀਆ ਭਰ ਵਿਚ ਗ਼ਲਤ ਪ੍ਰਭਾਵ ਜਾਵੇਗਾ। ਉਸ ਨੇ ਸਿੱਖ ਜਥੇਬੰਦੀਆਂ ਅਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਟੀਵੀ ਸੀਰੀਅਲ 'ਤੇ ਰੋਕ ਲਗਾਈ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਟੀਵੀ ਸੀਰੀਅਲ ਅਤੇ ਫਿਲਮਾਂ ਵਿਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।