ਭਲਕੇ ਸਿੱਖ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪਟੇ ਸਜਾ ਕੇ ਰੋਸ ਦਾ ਪ੍ਰਗਟਾਵਾ ਕਰਨ : ਪੰਜੋਲੀ
ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦਾ ਭੋਗ 6 ਜੂਨ ਨੂੰ ਸਵੇਰੇ 9 ਵਜੇ ਪਾਏ ਜਾਣਗੇ
ਫ਼ਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 6 ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਇਸ ਘੱਲੂਘਾਰੇ ਦਿਵਸ ਨੂੰ ਮਨਾਉਣ ਲਈ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪ੍ਰਬੰਧ ਵਲੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦਾ ਭੋਗ 6 ਜੂਨ ਨੂੰ ਸਵੇਰੇ 9 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਸਮਾਗਮ ਵੀ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਤੇ ਕੀਤਾ ਗਿਆ ਇਹ ਹਮਲਾ ਸਦੀਆਂ ਤਕ ਸਿੱਖ ਕਦੇ ਵੀ ਭੁਲਾ ਨਹੀਂ ਸਕਣਗੇ ਅਤੇ ਨਾ ਹੀ ਸਿੱਖ ਕੌਮ ਕਦੇ ਵੀ ਕਾਂਗਰਸ ਨੂੰ ਮਾਫ਼ ਕਰੇਗੀ। ਉਨ੍ਹਾਂ ਹਰ ਸਿੱਖ ਵੀਰ ਭੈਣ ਅਤੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਅਪੀਲ ਕੀਤੀ ਕਿ ਉਹ 6 ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੇ ਰੋਸ ਵਜੋਂ ਕਾਲੇ ਦੁਪੱਟੇ ਅਤੇ ਕਾਲੀਆਂ ਦਸਤਾਰਾਂ ਸਜਾਉਣ ਤਾਕਿ ਅਜਿਹਾ ਕਰਨ ਨਾਲ ਜ਼ਾਲਮਾਂ ਨੂੰ ਉਸ ਦੇ ਕੀਤੇ ਹੋਏ ਪਾਪ ਦਾ ਅਹਿਸਾਸ ਕਰਵਾਇਆ ਜਾਵੇ ਉਥੇ ਹੀ ਅਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਜ਼ੁਲਮੀ ਸਾਕੇ ਦੀ ਦਾਸਤਾਨ ਤੋਂ ਵੀ ਜਾਣੂ ਕਰਵਾਇਆ ਜਾਵੇ।
ਅਖੰਡ ਪਾਠ ਸਾਹਿਬ ਦੀ ਅਰੰਭਤਾ ਮੌਕੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਰਜਿੰਦਰ ਸਿੰਘ ਐਡੀ. ਮੈਨੇਜਰ, ਕਰਮਜੀਤ ਸਿੰਘ ਮੀਤ ਮੈਨੇਜਰ, ਦਰਸ਼ਨ ਸਿੰਘ ਮੀਤ ਮੈਨੇਜਰ, ਬਲਵਿੰਦਰ ਸਿੰਘ ਮੀਤ ਮੈਨੇਜਰ, ਅਮਰਜੀਤ ਸਿੰਘ ਐਡੀ. ਅਕਾਉਟੈਂਟ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।