Lok Sabha Election Results: ਲੋਕ ਸਭਾ ਚੋਣਾਂ 2024 'ਚ ਅਕਾਲੀ ਦਲ ਦੇ 13 ’ਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਸਿਮਰਤ ਬਾਦਲ ਤੋਂ ਇਲਾਵਾ ਦੋ ਹੋਰ ਉਮੀਦਵਾਰ 2 ਜ਼ਮਾਨਤ ਜਮ੍ਹਾਂ ਕਰਵਾਉਣ 'ਚ ਕਾਮਯਾਬ ਰਹੇ, ਉਨ੍ਹਾਂ 'ਚ ਫਿਰੋਜ਼ਪੁਰ ਤੋਂ ਨਰਦੇਵ ਮਾਨ ਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਹਨ

10 SAD candidates forfeit security deposits in Punjab Lok Sabha Election

Lok Sabha Election Results:  ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬ ਦੀ ਰਾਜਨੀਤੀ ਵਿਚ ਇਕੱਲੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ। ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਪਾਰਟੀ ਨੂੰ ਪੰਜਾਬ ਦੀ ਸਿਰਫ਼ ਇਕ ਸੀਟ ਬਠਿੰਡਾ ਤੋਂ ਹੀ ਜਿੱਤ ਨਸੀਬ ਹੋਈ ਹੈ।

ਬਠਿੰਡਾ ਤੋਂ ਮੁੜ ਚੁਣੇ ਗਏ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਦੋ ਹੋਰ ਉਮੀਦਵਾਰ ਜੋ ਅਪਣੀ ਜ਼ਮਾਨਤ ਜਮ੍ਹਾਂ ਕਰਵਾਉਣ ਵਿਚ ਕਾਮਯਾਬ ਰਹੇ, ਉਨ੍ਹਾਂ ਵਿਚ ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਨਰਦੇਵ ਸਿੰਘ ਬੌਬੀ ਮਾਨ ਅਤੇ ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਅਨਿਲ ਜੋਸ਼ੀ ਸਨ। ਮਾਨ ਨੇ ਨੋਟਾ ਵੋਟਾਂ ਨੂੰ ਛੱਡ ਕੇ ਕੁੱਲ ਜਾਇਜ਼ ਵੋਟਾਂ ਵਿਚੋਂ 22.66 ਫੀਸਦੀ ਵੋਟਾਂ ਹਾਸਲ ਕੀਤੀਆਂ। ਜੋਸ਼ੀ ਨੂੰ 18.06 ਫੀਸਦੀ ਵੋਟਾਂ ਮਿਲੀਆਂ।

ਇਨ੍ਹਾਂ ਉਮੀਦਵਾਰਾਂ ਦੀ ਹੋਈ ਜ਼ਮਾਨਤ ਜ਼ਬਤ

ਵਿਰਸਾ ਸਿੰਘ ਵਲਟੋਹਾ- ਖਡੂਰ ਸਾਹਿਬ (8.25%)
ਦਲਜੀਤ ਸਿੰਘ ਚੀਮਾ- ਗੁਰਦਾਸਪੁਰ (7.93 %)
ਪ੍ਰੇਮ ਸਿੰਘ ਚੰਦੂਮਾਜਰਾ- ਸ੍ਰੀ ਅਨੰਦਪੁਰ ਸਾਹਿਬ (10.95 %)
ਐਨਕੇ ਸ਼ਰਮਾ- ਪਟਿਆਲਾ (13.37 %)
ਮਹਿੰਦਰ ਸਿੰਘ ਕੇਪੀ – ਜਲੰਧਰ (6.87 %)
ਇਕਬਾਲ ਸਿੰਘ ਝੂੰਦਾਂ- ਸੰਗਰੂਰ (6.19%)
ਰਣਜੀਤ ਸਿੰਘ ਢਿੱਲੋਂ- ਲੁਧਿਆਣਾ (8.52%)
ਸੋਹਣ ਸਿੰਘ ਠੰਡਲ-ਹੁਸ਼ਿਆਰਪੁਰ (9.68 %)
ਰਾਜਵਿੰਦਰ ਸਿੰਘ – ਫਰੀਦਕੋਟ (13.63 %)
ਬਿਕਰਮਜੀਤ ਸਿੰਘ ਖਾਲਸਾ- ਫਤਿਹਗੜ੍ਹ ਸਾਹਿਬ (13.01 %)

ਜ਼ਮਾਨਤ ਕੀ ਹੈ?

ਦਰਅਸਲ ਲੋਕ ਸਭਾ ਚੋਣਾਂ ਵਿਚ ਹਰ ਉਮੀਦਵਾਰ ਨੂੰ ਸੁਰੱਖਿਆ ਵਜੋਂ ਚੋਣ ਕਮਿਸ਼ਨ ਕੋਲ ਇਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਸ ਰਕਮ ਨੂੰ 'ਸੁਰੱਖਿਆ ਡਿਪਾਜ਼ਿਟ' ਜਾਂ ਸੁਰੱਖਿਆ ਡਿਪਾਜ਼ਿਟ ਕਿਹਾ ਜਾਂਦਾ ਹੈ। ਇਹ ਚੋਣ ਰੂਲਜ਼, 1961 ਵਿਚ ਦਿਤਾ ਗਿਆ ਹੈ।

ਜ਼ਮਾਨਤ ਕਦੋਂ ਅਤੇ ਕਿਉਂ ਜ਼ਬਤ ਕੀਤੀ ਜਾਂਦੀ ਹੈ?

ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ, ਜੇਕਰ ਕੋਈ ਉਮੀਦਵਾਰ ਚੋਣ ਵਿਚ ਕੁੱਲ ਜਾਇਜ਼ ਵੋਟਾਂ ਦਾ 1/6 ਭਾਵ 16.67 ਪ੍ਰਤੀਸ਼ਤ ਪ੍ਰਾਪਤ ਨਹੀਂ ਕਰਦਾ ਹੈ, ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਕੋਲ ਉਮੀਦਵਾਰ ਵਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਕਮਿਸ਼ਨ ਵਲੋਂ ਜ਼ਬਤ ਹੋ ਜਾਣੀ ਸੀ। ਜੇਕਰ ਕਿਸੇ ਉਮੀਦਵਾਰ ਨੂੰ 16.67% ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਕਮਿਸ਼ਨ ਉਸ ਦੀ ਜ਼ਮਾਨਤ ਰਕਮ ਵਾਪਸ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਜੇਕਰ ਕੋਈ ਉਮੀਦਵਾਰ ਅਪਣੀ ਨਾਮਜ਼ਦਗੀ ਵਾਪਸ ਲੈ ਲੈਂਦਾ ਹੈ ਜਾਂ ਕਿਸੇ ਕਾਰਨ ਉਸ ਦੀ ਨਾਮਜ਼ਦਗੀ ਰੱਦ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਜ਼ਮਾਨਤ ਰਾਸ਼ੀ ਵਾਪਸ ਕਰ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰ ਦੀ ਜ਼ਮਾਨਤ ਰਾਸ਼ੀ ਵੀ ਵਾਪਸ ਕਰ ਦਿਤੀ ਜਾਂਦੀ ਹੈ।

ਕਿੰਨੀ ਜ਼ਮਾਨਤ ਜ਼ਮਾਨਤ?

ਪਹਿਲਾਂ ਲੋਕ ਸਭਾ ਉਮੀਦਵਾਰਾਂ ਲਈ ਜ਼ਮਾਨਤ ਜਨਰਲ ਵਰਗ ਲਈ 500 ਰੁਪਏ ਹੁੰਦੀ ਸੀ ਅਤੇ ਐਸ.ਸੀ. ਵਰਗ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ 250 ਰੁਪਏ ਸੀ ਪਰ ਹੁਣ ਇਹ ਰਾਸ਼ੀ ਜਨਰਲ ਵਰਗ ਲਈ 25000 ਰੁਪਏ ਅਤੇ ਐਸ.ਸੀ. ਉਮੀਦਵਾਰ ਲਈ 12,500 ਰੁਪਏ ਕਰ ਦਿਤੀ ਗਈ ਹੈ।

ਲੋਕ ਸਭਾ ਚੋਣਾਂ ਨੇ ਚੁੱਕੇ ਸਵਾਲ : ਕੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ?

ਲੁਧਿਆਣਾ (ਕਵਿਤਾ ਖੁੱਲਰ, ਰਾਜਕੁਮਾਰ ਸਾਥੀ) : ਪੰਜਾਬ ਦੀ ਰਾਜਨੀਤੀ ਵਿਚ ਇਕੱਲੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਅਪਣੇ-ਆਪ ਨੂੰ ਪੰਥਕ ਪਾਰਟੀ ਦੇ ਤੌਰ ’ਤੇ ਪ੍ਰਚਾਰਿਤ ਕਰਦੀ ਆ ਰਹੀ ਹੈ। ਪਰੰਤੁ ਇਨ੍ਹਾਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਆਏ ਨਤੀਜਿਆਂ ਨੇ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਤਾਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਖੜਾ ਹੋ ਕੇ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਆਜ਼ਾਦ ਤੌਰ ’ਤੇ ਚੋਣ ਲੜ ਕੇ ਜੇਤੂ ਰਹਿਣ ਵਾਲੇ ਸਰਬਜੀਤ ਸਿੰਘ ਖ਼ਾਲਸਾ ਕੌਣ ਨੇ? ਕਿਉਂਕਿ ਇਹ ਦੋਵੇਂ ਉਮੀਦਵਾਰ ਵੀ ਪੰਥ ਦੇ ਨਾਂ ’ਤੇ ਹੀ ਵੋਟਾਂ ਮੰਗਦੇ ਰਹੇ ਹਨ।

ਪਿਛਲੇ ਦੋ ਮਹੀਨੇ ਤਕ ਚਲਦੇ ਰਹੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਦੇ ਅਹੁਦੇਦਾਰ ਅਕਾਲੀ ਦਲ ਨੂੰ ਪੰਥਕ ਪਾਰਟੀ ਦੱਸਦੇ ਰਹੇ ਹਨ ਅਤੇ ਅਕਾਲੀ ਉਮੀਦਵਾਰਾਂ ਨੂੰ ਪੰਥਕ ਉਮੀਦਵਾਰ ਕਹਿ ਕੇ ਪ੍ਰਚਾਰਿਤ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਹੋਰ ਵੀ ਕਈ ਉਮੀਦਵਾਰ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਰਹੇ। ਕਈ ਆਜ਼ਾਦ ਉਮੀਦਵਾਰ ਵੀ ਅਪਣੇ ਹੋਰਡਿੰਗਾਂ ਤੇ ਅੰਮ੍ਰਿਤਪਾਲ ਸਿੰਘ ਦੀ ਫ਼ੋਟੋ ਲਾ ਕੇ ਪ੍ਰਚਾਰ ਕਰਦੇ ਰਹੇ। ਚੋਣ ਨਤੀਜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰਫ਼ ਬਠਿੰਡਾ ਸੀਟ ਤੋਂ ਪਾਰਟੀ ਪ੍ਰਧਾਨ ਦੀ ਪਤਨੀ ਹਰਸਿਮਰਤ ਕੌਰ ਬਾਦਲ ਹੀ ਚੋਣ ਜਿੱਤ ਸਕੀ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਗੰਭੀਰਤਾ ਨਾਲ ਸਮੀਖਿਆ ਕਰਨ ਦੀ ਲੋੜ ਹੈ।