Editorial: ਅਕਾਲੀ ਦਲ ਕੀ ਦਾ ਕੀ ਬਣ ਗਿਆ ਹੈ ?
ਪੰਥਕ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਉਹਨੂੰ ਕੱਢੋ, ਇਹਨੂੰ ਲਿਆਉ ਤਕ ਸਿਮਟ ਗਿਆ ਹੈ
Editorial: ਅਕਾਲੀ ਦਲ (ਬਾਦਲ) ਵਿਚ ਹੁਣ ਪੰਥ ਦੇ ਮੁੱਦਿਆਂ ਨੂੰ ਲੈ ਕੇ ਹਲਚਲ ਨਹੀਂ ਹੁੰਦੀ ਬਲਕਿ ਕਦੇ ਵੱਡੇ ਪੰਥਕ ਮੰਨੇ ਜਾਣ ਵਾਲਿਆਂ ਦੀ ਘਰ ਵਾਪਸੀ ਜਾਂ ਘਰ ਨਿਕਾਲੇ ਦੀ ਗੱਲ ਹੀ ਚਰਚਾ ਦਾ ਵਿਸ਼ਾ ਬਣਦੀ ਹੈ। ਆਦੇਸ਼ ਪ੍ਰਤਾਪ ਕੈਰੋਂ ਦੇ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਬਾਦਲ ਪ੍ਰਵਾਰ ਵਿਰੁਧ ਨਾਰਾਜ਼ ਅਕਾਲੀਆਂ ਵਲੋਂ ਸਿਰ ਚੁਕਿਆ ਜਾ ਰਿਹਾ ਹੈ। ਜਿਥੇ ਸੁਖਬੀਰ ਬਾਦਲ ਉਤੇ ਅਕਾਲੀ ਦਲ ਨੂੰ ਇਕ ਪ੍ਰਵਾਰਕ ਪਾਰਟੀ ਬਣਾਉਣ ਦਾ ਇਲਜ਼ਾਮ ਲਗਦਾ ਹੈ, ਉਥੇ ਇਨ੍ਹਾਂ ਵੱਡੇ ‘ਪੰਥਕ’ ਆਗੂਆਂ ਉਤੇ ਦਿੱਲੀ ਦੇ ਹੁਕਮਰਾਨਾਂ ਦੀ ਅੰਨ੍ਹੀ ਤਾਕਤ ਸਾਹਮਣੇ ਸਿਰ ਝੁਕਾਉਣ ਦਾ ਇਲਜ਼ਾਮ ਵੀ ਲਗਦਾ ਹੈ।
ਬੀਬੀ ਜਗੀਰ ਕੌਰ ਸਮੇਂ ਸਮੇਂ ’ਤੇ ਅਪਣੀ ਆਵਾਜ਼ ਉਠਾਉਂਦੇ ਰਹੇ ਤੇ ਐਸ.ਜੀ.ਪੀ.ਸੀ. ਪ੍ਰਧਾਨ ਦੀ ਚੋਣ ਵਿਚ ਉਨ੍ਹਾਂ ਅਕਾਲੀ ਆਗੂਆਂ ਨੂੰ ਮੁੜ ਪੰਥਕ ਮੁੱਦਿਆਂ ’ਤੇ ਵਾਪਸ ਲਿਆਉਣ ਦਾ ਮੋਰਚਾ ਵੀ ਖੋਲ੍ਹਿਆ ਪਰ ਜਦੋਂ ਸਾਥ ਹੀ ਨਾ ਮਿਲਿਆ, ਉਨ੍ਹਾਂ ਨੇ ਅਪਣੀ ਪੰਥਕ ਲੜਾਈ ਛੱਡ ਕੇ ਘਰ ਵਾਪਸੀ ਕਰ ਲਈ। ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਪਣਾ ਪੰਥਕ ਮੋਰਚਾ ਛੱਡ ਕੇ ਘਰ ਵਾਪਸੀ ਕੀਤੀ ਜਦਕਿ ਇਕ ਵੀ ਪੰਥਕ ਮਸਲਾ ਹਲ ਨਹੀਂ ਸੀ ਹੋਇਆ। ਨਤੀਜਾ ਸੱਭ ਦੇ ਸਾਹਮਣੇ ਹੀ ਹੈ। ਹੁਣ ਫਿਰ ਜਦੋਂ ਬਗ਼ਾਵਤ ਸ਼ੁਰੂ ਹੋ ਰਹੀ ਹੈ, ਚਰਚਾਵਾਂ ਕਹਿੰਦੀਆਂ ਹਨ ਕਿ ਬਗ਼ਾਵਤ ਦੀ ਰੂਪ-ਰੇਖਾ 4 ਜੂਨ ਤੋਂ ਬਾਅਦ ਹੀ ਤਹਿ ਹੋਵੇਗੀ। ਵੋਟਾਂ ਦੀ ਗਿਣਤੀ ਅਤੇ ਬਠਿੰਡਾ ਦੀ ਹਾਰ ਜਿੱਤ ਦਸੇਗੀ ਕਿ ਬਾਦਲ ਪ੍ਰਵਾਰ ਕਿੰਨੇ ਕੁ ਪਾਣੀਆਂ ਵਿਚ ਹੈ ਤੇ ਜੇ ਹਾਰ ਗਏ ਤਾਂ ਬਗ਼ਾਵਤ ਉੱਚੀ ਹੋਵੇਗੀ ਨਹੀਂ ਤਾਂ ਮੱਠੀ ਰਹੇਗੀ।
ਕੀ ਕਿਸੇ ਵੀ ਤਰ੍ਹਾਂ, ਕਿਸੇ ਵੀ ਗੱਲ ਤੋਂ ਪੰਥਕ ਆਗੂਆਂ ਦੀ ‘ਪੰਥ-ਪ੍ਰਸਤੀ’ ਝਲਕਦੀ ਨਜ਼ਰ ਆ ਰਹੀ ਹੈ? ਅਕਾਲੀ ਦਲ (ਬਾਦਲ) ਦੇ ਆਗੂਆਂ ਦਾ ਰਾਜ ਪੰਜਾਬ ਵਾਸਤੇ ਸੱਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਸਾਬਤ ਹੋਇਆ ਹੈ। ਪੰਜਾਬ ਦੀ ਬੁਨਿਆਦ ਸਿੱਖੀ ਉਤੇ ਟਿਕੀ ਹੋਈ ਹੈ। ਭਾਵੇਂ ਉਹ ਹਿੰਦੂ ਜਾਂ ਮੁਸਲਮਾਨ ਪੰਜਾਬੀ ਹੋਵੇ, ਆਪਸੀ ਭਾਈਚਾਰੇ ਤੇ ਸਾਂਝ ਦਾ ਬਚਾਅ ਸਿੱਖੀ ਸੋਚ ਕਾਰਨ ਹੋਇਆ ਹੈ। ਅਜੇ ਉਹ ਸਾਂਝ ਬਰਕਰਾਰ ਹੈ ਪਰ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਅੱਜ ਦੇ ਆਗੂ ਆਪ ਹੀ ਪੰਥਕ ਨਹੀਂ ਹਨ।
ਅਕਾਲੀ ਦਲ ਦੀ ਅਕਾਲੀ ਦਲ ਬਾਦਲ ਵਿਚ ਤਬਦੀਲੀ ਸਿਰਫ਼ ਬਾਦਲ ਪ੍ਰਵਾਰ ਦੀ ਖੇਡ ਨਹੀਂ ਸੀ ਬਲਕਿ ਉਸ ਸਮੇਂ ਬਾਕੀ ਸਾਰੇ ਆਗੂਆਂ ਵਲੋਂ ਬਾਦਲ ਪ੍ਰਵਾਰ ਸਾਹਮਣੇ ਸਿਰ ਝੁਕਾਉਣ ਦਾ ਨਤੀਜਾ ਸੀ। ਜਿਸ ਪਾਰਟੀ ਦਾ ਮਕਸਦ ਸਿੱਖਾਂ ਦੇ ਮਸਲਿਆਂ ਦੀ ਰਾਖੀ ਕਰਨਾ ਸੀ, ਉਹ ਸਿਰਫ਼ ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਕਰੀਬੀਆਂ ਦੀ ਤਿਜੋਰੀ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਲੈ ਬੈਠੀ। ਪੈਸੇ ਨਾਲ ਐਸਾ ਲਗਾਉ ਹੈ ਕਿ ਸੱਤਾ ਬਚਾਉਣ ਵਾਸਤੇ ਵੀ ਉਹ ਪੈਸਾ ਨਹੀਂ ਛੱਡ ਸਕਦੇ। ਜੇ ਇਹ ਪ੍ਰਵਾਰ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰ ਤੇ ਏਕਾਧਿਕਾਰ ਹੀ ਛੱਡ ਦੇਂਦਾ ਤਾਂ ਇਨ੍ਹਾਂ ਦੀ ਸੋਚ ਵਿਚ ਆਈ ਕਿਸੇ ਕਥਿਤ ਤਬਦੀਲੀ ਦਾ ਅੰਦਾਜ਼ਾ ਹੋ ਜਾਂਦਾ। ਫਿਰ ਜਦ ਬਰਗਾੜੀ ਦਾ ਇਲਜ਼ਾਮ ਇਸ ਪਾਰਟੀ ਦੇ ਸਿਰ ’ਤੇ ਪੈਂਦਾ ਹੈ ਤਾਂ ਫਿਰ ਵੀ ਪੂਰੀ ਅਕਾਲੀ ਪਾਰਟੀ ਪੰਥ ਦੇ ਦਰਦ ਨੂੰ ਭੁਲਾ ਕੇ ਬਾਦਲ ਪ੍ਰਵਾਰ ਸਾਹਮਣੇ ਸਿਰ ਝੁਕਾਉਂਦੀ ਹੈ ਤਾਂ ਇਸ ਤੋਂ ਕੋਈ ਆਸ ਕਿਉਂ ਤੇ ਕਿਵੇਂ ਰੱਖੀ ਜਾਵੇ?
ਕੀ ਕਦੇ ਅਕਾਲੀ ਦਲ ਮੁੜ ਤੋਂ ਸੱਚੀ ਸੁੱਚੀ ਪੰਥਕ ਪਾਰਟੀ ਬਣ ਸਕਦਾ ਹੈ ਜਾਂ ਪੰਥਕ ਪਾਰਟੀ ਨੂੰ ਹੁਣ ਸਰਬਜੀਤ ਸਿੰਘ ਖ਼ਾਲਸਾ ਵਰਗੇ ਕੁੱਝ ਵਖਰਾ ਮੋੜ ਦੇ ਸਕਣਗੇ? ਕੀ ਇਹ ਮੋੜ ਲੋਕਤੰਤਰੀ ਢਾਂਚੇ ਵਿਚ ਰਹਿ ਕੇ ਪੰਜਾਬ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਨ ਵਾਲਾ ਸੰਗਠਨ ਬਣ ਸਕਦਾ ਹੈ? ਵਕਤ ਹੀ ਜਵਾਬ ਦੇ ਸਕਦਾ ਹੈ, ਬੰਦੇ ਤਾਂ ਝੂਠੀ ਆਸ ਲਾ ਲਾ ਕੇ ਥੱਕ ਗਏ ਲਗਦੇ ਹਨ। - ਨਿਮਰਤ ਕੌਰ