‘ਮਾਨ ਸਰਕਾਰ ਦੇ ਅੱਗੇ ਸਾਰੇ ਗਠਬੰਧਨ ਫੇਲ੍ਹ’ - ਸੰਸਦ ਮੈਂਬਰ ਸੰਜੇ ਸਿੰਘ
ਮੋਦੀ ਡਿਟਰਜਟ ਨਾਲ ਮੁਲਜ਼ਮਾਂ ਦੇ ਅਕਸ ਨੂੰ ਸਾਫ ਕਰਨ ਦਾ ਕੰਮ ਕਰ ਰਹੀ ਹੈ BJP
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਜਸਭਾ ਮੈਂਬਰ ਸੰਜੇ ਸਿੰਘ ਪਤਨੀ ਸਮੇਤ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਮੈਂ ਅੱਜ ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੇਤਰਤਵ ’ਚ ਦੇਸ਼ ਜੋ ਪਰਿਸਥੀਆਂ ਵਿਚ ਹੈ ਉਹ ਬਹੁਤ ਦੁਖਦਾਇਕ ਹਨ। ਦੇਸ਼ ਦੇ ਇਕ ਹਿੱਸੇ ਮਣੀਪੁਰ ਵਿਚ ਹਿੰਸਾ ਚੱਲ ਰਹੀ ਹੈ ਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਹੁਤ ਸਾਰੇ ਘਰ ਜਲਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ, “ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਹਿੰਦੁਸਤਾਨ ਇਕ ਗੁਲਦਸਤਾ ਹੈ ਜਿਸ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਖਿਲਦੇ ਹਨ। ਇੱਥੇ ਹਿੰਦੂ, ਸਿੱਖ, ਮੁਸਲਿਮ ਤੇ ਈਸਾਈ ਭਾਈਚਾਰਾ ਕਾਇਮ ਰਹੇ ਤੇ ਸਾਰੇ ਮਿਲਜੁਲ ਕੇ ਰਹਿਣ।’
ਪੰਜਾਬ ਵਿਚ ਭਗਵੰਤ ਮਾਨ ਤੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰਦੀਆਂ ਰਹਿਣ।
ਇਸੇ ਦੌਰਾਨ ਸੰਜੇ ਸਿੰਘ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਸਬੰਧੀ ਸਾਹਮਣੇ ਆ ਰਹੀਆਂ ਖ਼ਬਰਾਂ ਬਾਰੇ ਕਿਹਾ ਕਿ ਕਿਸੇ ਵੀ ਗਠਜੋੜ ਦਾ ਅਸਰ ਪੰਜਾਬ 'ਤੇ ਪੈਣ ਵਾਲਾ ਨਹੀਂ ਹੈ। ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੀਆਂ 40 ਸਾਲਾਂ ਤੋਂ ਸੁੱਕੀਆਂ ਨਹਿਰਾਂ ਚ ਪਾਣੀ ਲਿਆ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਂਦੀ ਹੈ। ਪੰਜਾਬ ਸਰਕਾਰ ਨੇ 27 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਨੌਜੁਆਨਾਂ ਨੂੰ ਨੌਕਰੀਆਂ ਦਿਤੀਆਂ। ਪੰਜਾਬ ਵਿਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ, ਲੋਕਾਂ ਨੂੰ ਮੁਫਤ ਬਿਜਲੀ ਦਿਤੀ ਗਈ। ਅੱਜ ਪੰਜਾਬ ਦੇ 80 ਤੋਂ 90 ਫੀਸਦੀ ਲੋਕਾਂ ਦੇ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਇਨ੍ਹਾਂ ਕੰਮਾਂ ਕਾਰਨ ਜਲੰਧਰ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਉਸ ਸੀਟ ’ਤੇ ਜਿੱਤ ਹਾਸਲ ਕਰਵਾਈ ਜੋ ਕਾਂਗਰਸ ਪਿਛਲੇ 20 ਸਾਲਾਂ ’ਚ ਨਹੀਂ ਹਾਰੀ ਸੀ।
ਉਨ੍ਹਾਂ ਕਿਹਾ, “ਇਹ ਪਾਰਟੀਆਂ ਜਿੰਨੇ ਮਰਜ਼ੀ ਗਠਬੰਧਨ ਜਾਂ ਠੱਗਬੰਧਨ ਕਰ ਲੈਣ ਇਸ ਦਾ ਆਮ ਆਦਮੀ ਪਾਰਟੀ 'ਤੇ ਕੋਈ ਵੀ ਅਸਰ ਨਹੀਂ ਹੋਵੇਗਾ।”
ਉਨ੍ਹਾਂ ਕਿਹਾ, ਇਕ ਕਾਲਾ ਆਰਡੀਨੈਂਸ ਦਿੱਲੀ ਨੂੰ ਲੈ ਕੇ ਆਇਆ ਜਿਸ ਵਿਚ ਦੋ ਕਰੋੜ ਲੋਕਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਸ ਲਈ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਨਾਲ ਮੁਲਾਕਾਤ ਕੀਤੀ ਤੇ ਸਮਰਥਨ ਦੀ ਮੰਗ ਕੀਤੀ ਹੈ। ਕਿਉਂਕਿ ਇਹ ਫੈਡਰਲ ਬਣਤਰ ਦਾ ਮਾਮਲਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕਸਦਿਆਂ ਕਿਹਾ, ‘ਨਰਿੰਦਰ ਮੋਦੀ ਵਾਸ਼ਿਗ ਪਾਊਡਰ ਆਇਆ ਹੈ। ਤੁਸੀਂ ਕਤਲ, ਲੁੱਟ, ਡਕੈਤੀ ਤੇ ਭ੍ਰਿਸ਼ਟਾਚਾਰ ਕਰੋ। ਸਾਰੇ ਪਾਪ ਧੋਣ ਦਾ ਕੰਮ ਮੋਦੀ ਵਾਸ਼ਿਗ ਪਾਊਡਰ ਕਰਦਾ ਹੈ।’
ਉਨ੍ਹਾਂ ਕਿਹਾ, ‘2014 ਤੋਂ ਭਾਜਪਾ ਨੇ ਦੇਸ਼ ਵਿਚ 8 ਸਰਕਾਰਾਂ ਨੂੰ ਸੀ.ਬੀ.ਆਈ., ਈ.ਡੀ. ਨਾਲ ਜੋੜ ਕੇ ਧਮਕਾਉਣ ਦਾ ਕੰਮ ਮੋਦੀ ਨੇ ਕੀਤਾ ਹੈ।’
ਉਨ੍ਹਾਂ ਕਿਹਾ, ‘ਚਾਰ ਦਿਨ ਪਹਿਲਾਂ ਮੋਦੀ ਨੇ ਮਹਾਰਾਸ਼ਟਰ ਦੇ ਚਾਰ ਮੰਤਰੀਆਂ ਬਾਰੇ ਕਿਹਾ ਕਿ ਇਹਨਾਂ ਨੇ 70 ਹਜ਼ਾਰ ਦਾ ਘੁਟਾਲਾ ਕੀਤਾ ਉਸੇ ਅਜੀਤ ਪਵਾਰ ਤੇ ਛਗਨ ਭੁਜਬਲ ਨੂੰ ਉਨ੍ਹਾਂ ਨੇ ਮੰਤਰੀ ਬਣਾ ਦਿਤਾ।’ਇਸ ਦਾ ਮਤਲਬ ਭਾਜਪਾ 'ਚ ਨੈਤਿਕਤਾ ਤੇ ਇਮਾਨਦਾਰੀ ਨਹੀਂ ਹੈ।
ਉਨ੍ਹਾਂ ਕਿਹਾ, ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ.ਸੀ.ਸੀ. ਤੇ ਆਪਣੀ ਸਥਿਤੀ ਬਿਲਕੁਲ ਸਪੱਸ਼ਟ ਕੀਤੀ ਹੈ। ਇਸ ਦੇਸ਼ ਵਿਚ ਵੱਖ-ਵੱਖ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਤੋਂ ਪੁੱਛੇ ਬਿਨ੍ਹਾਂ ਕੋਈ ਕਾਨੂੰਨ ਨਹੀਂ ਬਣਨਾ ਚਾਹੀਦਾ।
ਸੰਜੇ ਸਿੰਘ ਨੇ ਮੋਦੀ ਸਰਕਾਰ ਤੇ ਸਵਾਲ ਚੁਕਦਿਆ ਕਿਹਾ ਕਿ ਉਹ ਕਿਹੜਾ ਯੂ.ਸੀ.ਸੀ. ਲੈ ਕੇ ਆ ਰਹੇ ਹਨ? ਹਿੰਦੂ ਨਾ ਵੰਡਣ ਯੋਗ ਪ੍ਰਵਾਰ ਦਾ ਐਕਟ ਹੈ। ਜਿਸ ਵਿਚ ਹਿੰਦੂ ਪ੍ਰਵਾਰਾਂ ਨੂੰ ਇਨਕਮ ਟੈਕਸ ਵਿਚ ਛੂਟ ਮਿਲਦੀ ਹੈ ਪਰ ਸਿੱਖ, ਮੁਸਲਿਮ, ਈਸਾਈਆਂ ਨੂੰ ਨਹੀਂ ਮਿਲਦੀ। ਇਸ ਲਈ ਅਗਰ ਉਹ ਯੂ.ਸੀ.ਸੀ. ਲਿਆ ਰਹੇ ਹਨ ਇਸ ਨਾਲ ਹਿੰਦੂ ਤੇ ਹੋਰ ਧਰਮਾਂ ਦਾ ਨੁਕਸਾਨ ਹੈ।
ਸਿੱਖ ਧਰਮ ਦੇ ਲੋਕਾਂ ਲਈ ਆਨੰਦ ਮੈਰਿਜ ਐਕਟ ਹੈ। ਜਿਸ ਵਿਚ ਸਿੱਖ ਧਰਮ ਦੇ ਲੋਕਾਂ ਨੂੰ ਅਪਣੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਨ ਦਾ ਅਧਿਕਾਰ ਹੈ। ਮੋਦੀ ਸਰਕਾਰ ਅਜਿਹਾ ਕਿਹੜਾ ਯੂ.ਸੀਸੀ. ਐਕਟ ਲਿਆਉਣਾ ਚਾਹੁੰਦੀ ਹੈ ਤੇ ਆਨੰਦ ਮੈਰਿਜ ਐਕਟ ਨਾਲ ਅਜਿਹਾ ਕੀ ਕਰਨਾ ਚਾਹੁੰਦੇ ਹਨ ਇਹ ਪੂਰਾ ਦੇਸ਼ ਜਾਨਣਾ ਚਾਹੁੰਦਾ ਹੈ। ਇਸ ਦੇਸ਼ ਵਿਚ ਜੈਨ ਧਰਮੀਆਂ ਨੂੰ ਅਲਪ ਸੰਖਿਆ ਦਾ ਦਰਜਾ ਦਿਤਾ ਗਿਆ ਹੈ। ਇਸ ਦੇਸ਼ ਦੇ ਕਰੋੜੋ ਆਦੀਵਾਸੀਆਂ ਦੇ ਅਧਿਕਾਰਾਂ ਦਾ ਕੀ ਹੋਵੇਗਾ? ਇਸ ਸਬੰਧੀ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਆਵਾਜ਼ ਚੁਕਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ਯੂਸੀਸੀ ਮੋਦੀ ਸਰਕਾਰ ਨੂੰ ਪਿਛਲੇ 9 ਸਾਲਾਂ ਵਿਚ ਯਾਦ ਨਹੀਂ ਆਈ। ਸਰਕਾਰ ਦੇ ਦਸ ਮਹੀਨੇ ਰਹਿਣ 'ਤੇ ਇਨ੍ਹਾਂ ਨੂੰ ਸਿਲੰਡਰ, ਪੈਟਰੋਲ-ਡੀਜ਼ਲ, ਟਮਾਟਰ, ਸਬਜ਼ੀਆਂ ਬਾਰੇ ਨਾ ਪੁੱਛ ਸਕੀਏ ਇਨ੍ਹਾਂ ਨੇ ਯੂ.ਸੀ.ਸੀ. ਦਾ ਮੁੱਦਾ ਚੁਕ ਲਿਆ।