ਕਸ਼ਮੀਰ ਵੰਡ : ਲੱਡੂ ਵੰਡਣ ਗਏ ਭਾਜਪਾ ਆਗੂਆਂ ਤੇ ਪੁਲਿਸ 'ਚ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ

Article 370 scrapped : BJP leaders-Police clash at Bathinda

ਬਠਿੰਡਾ : ਬੀਤੇ ਕੱਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਸਮੀਰ ਨੂੰ ਦੋ ਹਿੱਸਿਆ ਵਿਚ ਵੰਡਣ ਤੇ ਧਾਰਾ 370 ਖ਼ਤਮ ਕਰਨ ਦੀ ਖੁਸੀ 'ਚ ਸਥਾਨਕ ਫਾਈਰ ਬ੍ਰਿਗੇਡ ਚੌਕ ਕੋਲ ਲੱਡੂ ਵੰਡਣ ਗਏ ਭਾਜਪਾ ਆਗੂਆਂ ਦੀ ਪੂਲਿਸ ਨਾਲ ਝੜਪ ਹੋ ਗਈ। ਮਾਮਲਾ ਇਥੋਂ ਤਕ ਵਧ ਗਿਆ ਕਿ ਕੋਤਵਾਲੀ ਦੇ ਮੁਖੀ ਵਲੋਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਸੂਚਨਾ ਮੁਤਾਬਕ ਸ਼ਹਿਰ 'ਚ ਧਾਰਾ 144 ਲੱਗੀ ਹੋਣ 'ਤੇ ਪੰਜਾਬ ਸਰਕਾਰ ਦੁਆਰਾ ਇਸ ਮੁੱਦੇ 'ਤੇ ਲੱਡੂ ਵੰਡਣ ਅਤੇ ਵਿਰੋਧ ਕਰਨ ਉਪਰ ਲਗਾਈ ਪਾਬੰਦੀ ਦੇ ਚਲਦੇ ਪੁਲਿਸ ਅਧਿਕਾਰੀਆਂ ਨੇ ਭਾਜਪਾ ਆਗੂਆਂ ਨੂੰ ਲੱਡੂ ਵੰਡਣ ਤੋਂ ਰੋਕ ਦਿਤਾ, ਜਿਸ ਦੇ ਚਲਦੇ ਦੋਨਾਂ ਧਿਰਾਂ 'ਚ ਸ਼ੁਰੂ ਹੋਈ ਬਹਿਸਬਾਜ਼ੀ ਝੜਪ ਵਿਚ ਤਬਦੀਲ ਹੋ ਗਈ।

ਇਸ ਮੌਕੇ ਇਕ ਵਾਰ ਮਾਮਲਾ ਇਥੋਂ ਤਕ ਵਧ ਗਿਆ ਸੀ ਕਿ ਥਾਣਾ ਕੋਤਵਾਲੀ ਦੇ ਮੁਖੀ ਨੇ ਭਾਜਪਾ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿਤੇ। ਪ੍ਰੰਤੂ ਬਾਅਦ ਵਿਚ ਦੋਨਾਂ ਧਿਰਾਂ ਦੇ ਕੁੱਝ 'ਸਿਆਣਿਆਂ' ਦੇ ਚਲਦੇ ਮਾਮਲਾ ਸ਼ਾਂਤ ਹੋ ਗਿਆ। ਹਾਲਾਂਕਿ ਇਸ ਮੌਕੇ ਭਾਜਪਾ ਆਗੂ ਲੱਡੂ ਵੰਡਣ ਵਿਚ ਸਫ਼ਲ ਰਹੇ। ਇਸ ਮੌਕੇ ਭਾਜਪਾ ਸ਼ਹਿਰੀ ਦੇ ਪ੍ਰਧਾਨ ਵਿਨੋਦ ਬਿੰਟਾ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀਆਂ ਨੇ ਡੰਡੇ ਦੇ ਜ਼ੋਰ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸਦੇ ਚਲਦੇ ਉਨ੍ਹਾਂ ਮਾਮਲੇ ਦੀ ਲਿਖਤੀ ਸ਼ਿਕਾਇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜ ਦਿੱਤੀ ਹੈ। 

ਦੱਸਣਾ ਬਣਦਾ ਹੈ ਕਿ ਬੀਤੇ ਕਲ ਵੀ ਭਾਜਪਾ ਆਗੂਆਂ ਵਲੋਂ ਫ਼ਾਇਰ ਬ੍ਰਿਗੇਡ ਚੌਕ ਕੋਲ ਲੱਡੂ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪ੍ਰੰਤੂ ਮਾਹੌਲ ਖ਼ਰਾਬ ਹੋਣ ਦੇ ਡਰੋਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿਤਾ ਸੀ। ਲੇਕਿਨ ਅੱਜ ਫਿਰ ਸ਼ਾਮ ਭਾਜਪਾ ਆਗੂ ਇੱਥੇ ਇਕੱਠੇ ਹੋ ਗਏ। ਉਨ੍ਹਾਂ ਭਾਰਤ ਮਾਤਾ ਦੀ ਜੈ ਅਤੇ ਵੰਡੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਪਤਾ ਲਗਦੇ ਹੀ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ। ਇਸ ਦੌਰਾਨ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਰਾਜ ਸੂਦ ਲੱਡੂਆਂ ਵਾਲਾ ਡੱਬਾ ਲੈ ਕੇ ਪੁੱਜ ਗਏ। ਜਦ ਉਨ੍ਹਾਂ ਲੱਡੂ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਜਿਹਾ ਕਰਨ ਤੋਂ ਰੋਕ ਦਿਤਾ। ਜਿਸ ਕਾਰਨ ਦੋਹਾਂ ਧਿਰਾਂ 'ਚ ਤਕਰਾਰ ਬਾਜ਼ੀ ਸ਼ੁਰੂ ਹੋ ਗਈ। 

ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਸਾਬਕਾ ਕੌਂਸਲਰ ਦੇ ਪੋਤਾ ਹੋਣ ਦੀ ਖ਼ੁਸ਼ੀ ਵਿਚ ਇਹ ਲੱਡੂ ਲਿਆਂਦੇ ਹਨ। ਪੁਲਿਸ ਅਧਿਕਾਰੀਆਂ ਨੇ ਧਾਰਾ 144 ਦਾ ਹਵਾਲਾ ਦਿਤਾ ਤੇ ਨਾਲ ਹੀ ਪੰਜਾਬ ਸਰਕਾਰ ਵਲੋਂ ਕਸਮੀਰ ਦੇ ਮੁੱਦੇ 'ਤੇ ਕੋਈ ਸਮਾਗਮ ਕਰਨ 'ਤੇ ਲਗਾਈਆਂ ਪਾਬੰਦੀਆਂ ਬਾਰੇ ਦਸਿਆ। ਇਸ ਦੇ ਬਾਵਜੂਦ ਜਦ ਭਾਜਪਾ ਆਗੂਆਂ ਨੇ ਲੱਡੂ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਵਧ ਗਿਆ। ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਹਲਕੀਆਂ ਝੜਪਾਂ ਵੀ ਹੋਈਆਂ। ਇਹੀ ਨਹੀਂ ਥਾਣਾ ਮੁਖੀ ਨੇ ਭਾਜਪਾ ਪ੍ਰਧਾਨ ਨੂੰ ਹਿਰਾਸਤ ਵਿਚ ਲੈ ਲਿਆ। ਜਿਸ ਤੋਂ ਬਾਅਦ ਡੇਢ ਦਰਜ਼ਨ ਦੀ ਤਾਦਾਦ ਵਿਚ ਇਕੱਠੇ ਹੋਏ ਦੂਜੇ ਆਗੂਆਂ ਨੇ ਵੀ ਖੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿਤਾ। ਮਾਮਲਾ ਵਧਦਾ ਦੇਖ ਦੋਨਾਂ ਧਿਰਾਂ ਦੇ ਕੁੱਝ ਬੰਦਿਆਂ ਨੇ ਵਿਚਕਾਰ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ।