ਭੋਗ 'ਤੇ ਵਿਸੇਸ਼- ਹਰ ਧਰਮ ਦੀ ਮਦਦ ਕਰਨ ਵਾਲੇ ਸਨ ਸੰਤ ਬਾਬਾ ਲਾਭ ਸਿੰਘ ਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਬੰਨ੍ਹੀ ਸੀ ਦਸਤਾਰ

Sant Baba Labh Singh Ji

ਸ੍ਰੀ ਅਨੰਦਪੁਰ ਸਾਹਿਬ  (ਕੁਲਵਿੰਦਰ ਜੀਤ ਸਿੰਘ): ਸਮਾਜ ਵਿਚ ਕੁੱਝ ਮਨੁੱਖਾਂ ਜੂਨੀ ਵਿਚ ਆ ਕੇ ਅਜਿਹੇ ਕੰਮ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਕੁੱਲ ਲੁਕਾਈ ਸਦੀਆਂ ਤਕ ਯਾਦ ਰੱਖਦੀ ਹੈ ਅਜਿਹੀ ਹੀ ਸ਼ਖ਼ਸੀਅਤ ਸਨ ਸੰਤ ਬਾਬਾ ਲਾਭ ਸਿੰਘ ਜੀ। ਉਨ੍ਹਾਂ ਦਾ ਜਨਮ 15 ਜੂਨ 1923 ਨੂੰ ਮਾਤਾ ਇੰਦਰ ਕੌਰ ਦੀ ਕੁੱਖੋ ਭਾਈ ਗੰਗਾ ਸਿੰਘ ਦੇ ਘਰ ਝਬਾਲ ਸ੍ਰੀ ਅਮ੍ਰਿੰਤਸਰ ਲਾਗੇ ਪਿੰਡ ਸਾਂਗਣਾਂ ਵਿੱਚ ਹੋÎਇਆ ਸੀ।

ਉਨ੍ਹਾਂ ਵਲੋਂ ਮੁੱਢਲੀ ਸਿਖਿਆ ਗੁਰੂ ਰਾਮਦਾਸ ਸਕੂਲ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਹਾਸਲ ਕੀਤੀ। ਬਾਬਾ ਜੀ ਸ਼ੁਰੂ ਤੋਂ ਹੀ ਭਗਤੀ ਭਾਵ ਵਾਲੇ ਸਨ ਅਤੇ ਆਪ ਜੀ ਨੂੰ ਦਰਬਾਰ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰਦੇ ਸੀ। ਸੇਵਾ ਕਾਰਨ ਹੀ ਆਪ ਉੱਤੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਦੀ ਨਜ਼ਰ ਪਈ ਅਤੇ ਉਹ ਆਪ ਨੂੰ ਸਾਲ 1973 ਵਿਚ ਕਿਲ੍ਹਾ ਅਨੰਦਗੜ੍ਹ ਸਾਹਿਬ ਲੈ ਆਏ ਜਿਥੇ ਆਪ ਵਲੋਂ ਕਾਰ ਸੇਵਾ ਵਿਚ ਅਪਣਾ ਜੀਵਨ ਬਤੀਤ ਕਰਨ ਦਾ ਫ਼ੈਸਲਾ ਲੈ ਲਿਆ।

ਆਪ ਦੀ ਤਨੋ-ਮਨੋ ਸੇਵਾ ਨੂੰ ਵੇਖਦੇ ਹੋਏ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਾਲ 1982 ਵਿਚ ਸਿੱਖ ਕੌਮ ਦੇ ਵੀਹਵੀਂ ਸਦੀ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਬਾਬਾ ਲਾਭ ਸਿੰਘ ਜੀ ਅਤੇ ਬਾਬਾ ਭਾਗ ਸਿੰਘ ਜੀ ਨੂੰ ਇੱਕਠੀਆਂ ਨੂੰ ਦਸਤਾਰ ਦੇ ਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਸੇਵਾ ਦਿਤੀ।

ਗੁਰੂ ਦੇ ਭਾਣੇ ਮੁਤਾਬਕ ਬਾਬਾ ਭਾਗ ਸਿੰਘ ਜੀ ਨਾਲ ਆਪ ਦਾ ਬਹੁਤਾ ਸਾਥ ਨਾ ਰਿਹਾ ਤੇ ਉਹ ਅਕਾਲ ਚਲਣਾ ਕਰ ਗਏ। ਇਸ ਤੋਂ ਬਾਅਦ ਆਪ ਜੀ 'ਤੇ ਸਾਰੀ ਕਾਰ ਸੇਵਾ ਦਾ ਭਾਰ ਪੈ ਗਿਆ। ਦੂਸਰੇ ਪਾਸੇ ਇਲਾਕੇ ਦੀ ਸੰਗਤ ਦਾ ਵੀ ਆਪ ਜੀ ਨੂੰ ਪੂਰਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ। ਆਪ ਜੀ ਵਲੋਂ ਅਥਾਹ ਗੁਰਦਵਾਰਾਂ ਸਾਹਿਬ ਦੀ ਸੇਵਾ ਸੰਭਾਲ ਤਾਂ ਕੀਤੀ ਹੀ ਗਈ, ਪਰ ਇਲਾਕੇ ਵਿਚ ਪੁਲਾਂ ਦੀ ਘਾਟ ਨੂੰ ਵੇਖਦਿਆ ਕਈ ਅਜਿਹੇ ਪੁਲ ਬਣਾ ਕੇ ਸੰਗਤਾਂ ਨੂੰ ਦਿਤੇ ਜਿਨ੍ਹਾਂ ਨੂੰ ਬਣਾਉਣ ਵਿਚ ਸਰਕਾਰਾਂ ਨਾਕਾਮ ਰਹੀਆਂ।

ਇਥੇ ਹੀ ਬੱਸ ਨਹੀਂ ਜੇ ਕਿਸੇ ਨੇ ਕਹਿ ਦਿਤਾ ਕਿ ਬਾਬਾ ਜੀ ਸਾਡੀ ਮਸੀਤ ਵੀ ਬਣਾ ਦਿਉ ਤਾਂ ਉਹ ਵੀ ਬਣਾ ਦਿਤੀ ਅਤੇ ਜੇਕਰ ਕਿਸੇ ਨੇ ਮੰਦਰ ਬਣਾਉਣ ਲਈ ਕਿਹਾ ਤਾਂ ਉਹ ਵੀ ਉਸਾਰਿਆਂ। ਆਪ ਨੇ ਪੀ.ਜੀ.ਆਈ. ਚੰਡੀਗੜ੍ਹ ਵਿਚ ਮਰੀਜ਼ਾਂ ਦੀ ਮੁਸ਼ਕਲ ਨੂੰ ਵੇਖਦੇ ਹੋਏ 24 ਘੰਟੇ ਲੰਗਰ ਅਤੇ ਸਰਾਂ ਦੀ ਉਸਾਰੀ ਹੀ ਨਹੀਂ ਕਰਵਾਈ ਸਗੋਂ ਨਾਲ ਲੱਗਦੇ ਗ਼ਿਰਜ਼ਾ ਘਰ ਦੀ ਉਸਾਰੀ ਵੀ ਕਰਵਾਈ। ਅੱਜ ਵੀ ਪੀ.ਜੀ.ਆਈ.ਵਿਚ ਮੁਫ਼ਤ ਰਿਹਾਇਸ਼ ਅਤੇ ਖਾਣਾ ਹੀ ਨਹੀਂ ਜੇਕਰ ਕਿਸੇ ਗ਼ਰੀਬ ਨੂੰ ਦਵਾਈ ਦੀ ਲੋੜ ਹੋਵੇ ਤਾਂ ਉਹ ਵੀ ਮਦਦ ਮਿਲਦੀ ਹੈ।

ਸਾਲ 2018 ਦੇ ਸਤੰਬਰ ਵਿਚ ਆਪ ਜੀ ਦੀ ਸਿਹਤ ਐਸੀ ਵਿਗੜੀ ਕਿ ਫਿਰ ਰਾਸ ਨਾ ਆਈ। ਆਪ ਜੀ ਵਲੋਂ ਅਪਣੇ ਉਤਰਾਧਿਕਾਰੀ ਅਪਣੇ ਕਿਸੇ ਪੁਤ ਪੋਤੇ ਜਾਂ ਰਿਸ਼ਤੇਦਾਰ ਨੂੰ ਨਾ ਬਣਾ ਕੇ ਅਥਾਹ ਸੇਵਾ ਕਰਨ ਵਾਲੇ ਬਾਬਾ ਹਰਭਜ਼ਨ ਸਿੰਘ ਭਲਵਾਨ ਜੋ ਕਿ ਵੇਰਕਾ ਅੰਮ੍ਰਿਤਸਰ ਤੋਂ ਸਨ ਨੂੰ ਅਪਣੀ ਗੱਦੀ ਦਿਤੀ। ਆਪ ਜੀ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਕੁੱਝ ਸਾਲ ਪਹਿਲਾ ਅਨੰਦਪੁਰ ਵਾਸੀਆਂ ਅਤੇ ਪ੍ਰੈੱਸ ਕਲੱਬ ਸ੍ਰੀ ਆਨੰਦਪੁਰ ਸਾਹਿਬ ਵਲੋਂ ਆਪ ਜੀ ਨੂੰ ਮਾਣ ਸ੍ਰੀ ਅਨੰਦਪੁਰ ਸਾਹਿਬ ਦਾ ਐਵਾਰਡ ਵੀ ਦਿਤਾ ਗਿਆ ਸੀ। ਸੰਤ ਬਾਬਾ ਲਾਭ ਸਿੰਘ ਜੀ ਦੀ ਅੰਤਮ ਅਰਦਾਸ 6 ਅਗੱਸਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਦੀਵਾਨ ਹਾਲ ਵਿਚ 10 ਵਜੇ ਤੋਂ 3 ਵਜੇ ਤਕ ਹੋਵੇਗੀ।