ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਵਾਲੇ ਸਵਰਗਵਾਸ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਅਨੰਦਪੁਰ ਸਾਹਿਬ ਦਾ ਪੂਰਾ ਇਲਾਕਾ ਡੂੰਘੇ ਗਮ ਚ

Sant Baba Labh Singh Ji

ਚੰਡੀਗੜ੍ਹ: ਪੁਲਾਂ ਵਾਲਾ ਬਾਬਾ ਦੇ ਨਾਂ ਤੋਂ ਮਸ਼ਹੂਰ ਸੰਤ ਬਾਬਾ ਲਾਭ ਸਿੰਘ ਦਾ ਦੇਹਾਂਤ  ਹੋ ਗਿਆ ਹੈ। ਉਨ੍ਹਾਂ 96 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਰੁਕ ਜਾਣ ਕਾਰਨ ਆਖਰ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਅਨੰਦਪੁਰ ਸਾਹਿਬ ਦੇ ਕਿਲ੍ਹੇ ਅਨੰਦਗੜ੍ਹ ਵਿਚ ਅੰਮ੍ਰਿਤ ਵੇਲੇ ਨਿਤਨੇਮ ਕਰਨ ਮਗਰੋਂ ਉਨ੍ਹਾਂ ਨੂੰ ਅੱਜ ਦਿਲ ਦਾ ਦੌਰਾ ਪਿਆ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਸੰਤ ਬਾਬਾ ਲਾਭ ਸਿੰਘ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਤਾ ਗੰਗਾ ਸਿੰਘ ਦੇ ਪਰਿਵਾਰ ’ਚ 15 ਜੂਨ, 1923 ਨੂੰ ਹੋਇਆ ਸੀ। ਉਨ੍ਹਾਂ ਨੂੰ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਆਪਣੀ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਤੋਂ ਹਾਸਲ ਕੀਤੀ। ਬਾਬਾ ਲਾਭ ਸਿੰਘ ਜੀ ਆਪਣੇ ਬਚਪਨ ਤੋਂ ਹੀ ਮਨੁੱਖਤਾ ਦੀ ਸੇਵਾ ਵਿਚ ਲੱਗ ਗਏ ਸਨ।

ਫਿਰ ਉਹ 1963 ’ਚ ਸੰਤ ਬਾਬਾ ਸੇਵਾ ਸਿੰਘ ਹੁਰਾਂ ਦੇ ਸੰਪਰਕ ਵਿਚ ਆਏ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲਾ ਅਨੰਦਗੜ੍ਹ ਆ ਗਏ। ਸੰਤ ਬਾਬਾ ਸੇਵਾ ਸਿੰਘ ਦੇ ਅਕਾਲ–ਚਲਾਣੇ ਤੋਂ ਬਾਅਦ ਬਾਬਾ ਲਾਭ ਸਿੰਘ ਨੇ ਉਨ੍ਹਾਂ ਦਾ ਸਾਰਾ ਕੰਮਕਾਜ ਸੰਭਾਲਿਆ। ਉਹ ਆਖ਼ਰੀ ਦਮ ਤੱਕ ਮਨੁੱਖਤਾ ਦੀ ਸੇਵਾ ਕਰਦੇ ਰਹੇ। ਸੰਤ ਬਾਬਾ ਲਾਭ ਸਿੰਘ ਨੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਅਨੇਕਾਂ ਪੁਲ ਬਣਵਾਏ ਸਨ, ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ਵਿਚ ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਵੋਟ ਬੈਂਕ ਨਾ ਹੋਣ ਕਾਰਨ ਅਣਗੌਲਿਆ ਕਰ ਦਿੰਦੀਆਂ ਸਨ।

ਬਾਬਾ ਲਾਭ ਸਿੰਘ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਆਪਣੀ ਸੰਸਥਾ ਚਲਾਉਂਦੇ ਹਨ ਤੇ ਇਹ ਕਾਰ ਸੇਵਾ ਦਲ ਬਹੁਤ ਲੰਮੇ ਸਮੇਂ ਤੋਂ ਅਜਿਹੇ ਸੇਵਾ ਦੇ ਕੰਮ ਕਰ ਰਿਹਾ ਹੈ। ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਉਨ੍ਹਾਂ ਕੀਰਤਪੁਰ ਸਾਹਿਬ ਨੇੜਲੇ ਪਿੰਡ ਸ਼ਾਹਪੁਰ ਬੇਲਾ ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਸਤਲੁਜ ਦਰਿਆ ਕੰਢੇ ਵੱਸੇ ਕਈ ਪਿੰਡਾਂ ਵਿਚ ਪੁਲ ਵੀ ਬਣਾਏ ਸਨ।

ਇੰਨਾ ਹੀ ਨਹੀਂ ਉਨ੍ਹਾਂ ਪੰਜਾਬ ਦੀ ਹੱਦ ਤਕ ਜਾ ਕੇ ਹਰਿਆਣਾ ਵਿਚ ਵੀ ਪੁਲਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਆਪਣੇ ਜੀਵਨ ਦੌਰਾਨ ਕਈ ਸਕੂਲਾਂ ਦੀਆਂ ਇਮਾਰਤਾਂ ਬਣਵਾਈਆਂ ਸਨ। ਉਹ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪਤਾਲ ਪੀਜੀਆਈ ਦੇ ਗੁਰਦੁਆਰਾ ਸਾਹਿਬ ਵਿਚ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲੰਗਰ ਵੀ ਚਲਾਉਂਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਕਰੀਬਨ 29 ਸਕੂਲ ਤੇ ਕਾਲਜ ਵੀ ਬਣਾਏ ਤੇ ਇਨ੍ਹਾਂ ਨੂੰ ਬਣਾ ਕੇ ਸਰਕਾਰ ਨੂੰ ਸਪੁਰਦ ਕਰ ਦਿੱਤਾ ਹੈ।

ਉਨ੍ਹਾਂ 600 ਤੋਂ ਵੱਧ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਸਿੱਖ ਜਗਤ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾਂਦਾ ਹੈ ਕਿ ਸੰਤ ਬਾਬਾ ਲਾਭ ਸਿੰਘ ਨੂੰ ਅੱਜ ਸਵੇਰੇ ਸ੍ਰੀ ਗੁਰੂ ਤੇਗ ਬਹਾਦਰ ਮਲਟੀਸਪੈਸਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।ਜਿਸ ਦੀ ਪੁਸ਼ਟੀ ਡਾ. ਪਲਵਿੰਦਰ ਜੀਤ ਸਿੰਘ ਕੰਗ ਨੇ ਕੀਤੀ ਹੈ।