ਸਿਹਤ ਵਿਭਾਗ 'ਚ 2984 ਅਸਾਮੀਆਂ ਲਈ 31 ਅਗਸਤ ਤੱਕ ਅਰਜ਼ੀਆਂ ਲਈਆ ਜਾਣਗੀਆਂ: ਬਲਬੀਰ ਸਿੰਘ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਕੋਵਿਡ-19 ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ

Department of Health Apply Balbir Singh Sidhu   

ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੇ ਮੰਤਵ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ 2984 ਅਸਾਮੀਆਂ ਲਈ 31 ਅਗਸਤ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।

ਸ. ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰ ਕੇ ਸਥਿਤੀ ਨਾਲ ਹੋਰ ਪ੍ਰਭਾਵੀ ਢੰਗ ਰਾਹੀਂ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਭਰਤੀਆਂ ਇਸ ਟੀਚੇ ਨੂੰ ਹਾਸਲ ਕਰਨ ਲਈ ਮੀਲ ਪੱਥਰ ਸਾਬਤ ਹੋਣਗੀਆਂ।

ਉਹਨਾਂ ਦੱਸਿਆ ਕਿ ਇਸ ਵੱਡੇ ਪੱਧਰ 'ਤੇ ਹੋ ਰਹੀ ਭਰਤੀ ਤਹਿਤ ਮੈਡੀਕਲ ਅਫਸਰ ਜਨਰਲ 500, ਮੈਡੀਕਲ ਅਫਸਰ ਡੈਂਟਲ 35, ਰੇਡੀਓ ਗਰਾਫਰ 139, ਮਲਟੀਪਰਪਜ਼ ਹੈਲਥ ਵਰਕਰ (ਮੇਲ) 200, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) 600, ਈ.ਸੀ.ਜੀ. ਟੈਕਨੀਸ਼ਅੀਨ 14, ਮੈਡੀਕਲ ਲਬਾਰਟਰੀ ਟੈਕਨੀਸ਼ਅੀਨ ਗਰੇਡ-2 98, ਫਾਰਮਾਸਿਸਟ (ਫਾਰਮੇਸੀ ਅਫਸਰ) 482, ਓਪਰੇਸ਼ਨ ਥੀਏਟਰ ਸਹਾਇਕ 116 ਅਤੇ ਵਾਰਡ ਅਟੈਂਡੈਟ ਦੀਆਂ 800 ਅਸਾਮੀਆਂ ਸ਼ਾਮਲ ਹਨ।

ਇਹਨਾਂ ਅਸਾਮੀਆਂ ਸਬੰਧੀ ਹੋਰ ਜਾਣਕਾਰੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ। ਉਹਨਾਂ ਅੱਗੇ ਦੱਸਿਆ ਕਿ ਪਹਿਲਾਂ ਤੋਂ ਸਰਕਾਰੀ ਨੌਕਰੀ ਕਰ ਰਹੇ ਵਿਅਕਤੀਆਂ ਦੀ ਸਿੱਧੀ ਭਰਤੀ ਰਾਹੀਂ ਨਿਯੁਕਤੀ ਵਿੱਚ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਦੀ ਛੋਟ ਦੀ ਲੀਹ 'ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿੱਚ ਠੇਕੇ/ਆਊਟਸੋਰਸਿੰਗ ਦੇ ਆਧਾਰ 'ਤੇ ਪਹਿਲਾਂ ਹੀ ਕੰਮ ਕਰ ਰਹੇ ਮੁਲਾਜ਼ਮਾਂ ਦੀ ਭਰਤੀ ਦੇ ਸਮੇਂ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਵਿੱਚ ਛੋਟ ਦਿੱਤੀ ਗਈ ਹੈ।

ਹਾਲਾਂਕਿ ਵਿਦਿਅਕ ਯੋਗਤਾ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਮਿਲੇਗੀ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਲਈ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਦੀ ਛੋਟ ਇਸ ਕਰਕੇ ਕੀਤੀ ਗਈ ਕਿਉਂਕਿ ਉਹ ਵਿਭਾਗ ਦੇ ਕੰਮਕਾਜ ਤੋਂ ਚੰਗੀ ਤਰਾਂ ਵਾਕਫ਼ ਹਨ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਉਨਾਂ ਨੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ।

ਇਸ ਤੋ ਇਲਾਵਾ ਇਹਨਾਂ ਕਰਮਚਾਰੀਆਂ ਨੂੰ ਵੱਧ ਤੋਂ ਵੱਧ 10 ਨੰਬਰ ਤਜੁਰਬੇ ਦੇ ਦੇਣ ਦੀ ਵੀ ਤਜ਼ਵੀਜ਼ ਰੱਖੀ ਗਈ ਹੈ ਜਿਸ ਅਧੀਨ 1 ਸਾਲ ਦੇ ਤਜ਼ੁਰਬੇ ਲਈ 1 ਨੰਬਰ ਦਿੱਤੇ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਘੇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ।

ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਇਹ ਅਸਾਮੀਆਂ ਭਰਨ ਦਾ ਫੈਸਲਾ ਕੋਵਿਡ-19 ਦੀ ਮਹਾਂਮਾਰੀ ਦਰਮਿਆਨ ਜ਼ਰੂਰਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਗਰੁੱਪ ਏ ਤੇ ਬੀ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਗਰੁੱਪ ਸੀ ਤੇ ਡੀ ਦੀ ਭਰਤੀ ਅਧੀਨ ਚੋਣ ਸੇਵਾਵਾਂ ਬੋਰਡ ਵੱਲੋਂ ਕੀਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।