ਨਸ਼ੇੜੀ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਇਕ ਗ੍ਰਿਫ਼ਤਾਰ
ਨਸ਼ਾ ਕਰਨ ਤੋਂ ਰੋਕਣ 'ਤੇ ਦਿਤਾ ਵਾਰਦਾਤ ਨੂੰ ਅੰਜਾਮ
ਬਰਨਾਲਾ : ਇਥੋਂ ਦੇ ਪਿੰਡ ਝਲੂਰ ਤੋਂ ਇਕ ਦਿਲ ਹਲੂਣ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਦੋ ਪੁੱਤਰਾਂ ਨੇ ਹੀ ਅਪਣੇ ਪਿਤਾ ਦਾ ਕਤਲ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿਤਾ ਅਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਦੋਵਾਂ ਪੁੱਤਰਾਂ ਨੇ ਗੰਡਾਸੇ ਅਤੇ ਕੁਹਾੜੀ ਨਾਲ ਹਮਲਾ ਕਰ ਕੇ ਪਿਤਾ ਦਾ ਕਤਲ ਕਰ ਦਿਤਾ। ਪੁਲਿਸ ਨੇ ਦੋਵਾਂ ਪੁੱਤਰਾਂ ’ਤੇ ਕਤਲ ਦਾ ਕੇਸ ਦਰਜ ਕਰ ਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਮਨੀਪੁਰ ਦੀ ਚਾਰ ਮਈ ਵਾਲੀ ਘਟਨਾ ਨੂੰ ਲੈ ਕੇ ਪੰਜ ਪੁਲਿਸ ਮੁਲਾਜ਼ਮ ਮੁਅੱਤਲ
ਥਾਣਾ ਸਦਰ ਬਰਨਾਲਾ ਦੇ ਐਸ.ਐਚ.ਓ. ਕਰਨ ਸ਼ਰਮਾ ਨੇ ਦਸਿਆ ਕਿ ਪਿੰਡ ਝਲੂਰ ਵਿਚ ਘਰੇਲੂ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਸਿਵਲ ਹਸਪਤਾਲ ਤੋਂ ਘਟਨਾ ਦੀ ਜਾਣਕਾਰੀ ਮਿਲੀ। ਇਹ ਝਗੜਾ ਪਿਤਾ ਅਤੇ ਦੋ ਪੁੱਤਰਾਂ ਵਿਚਕਾਰ ਹੋਇਆ ਅਤੇ ਤਿੰਨੇ ਜ਼ਖ਼ਮੀ ਹੋ ਗਏ। ਉਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਲੜਾਈ ਵਿਚ ਦੋਵਾਂ ਪੁੱਤਰਾਂ ਨੇ ਪਿਓ ਦਾ ਕਤਲ ਕਰ ਦਿਤਾ। ਮ੍ਰਿਤਕ ਦੀ ਪਛਾਣ 65 ਸਾਲਾ ਰਾਮ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਗਿਆਨਵਾਪੀ ਮਸਜਿਦ ਕੰਪਲੈਕਸ ’ਚ ਤੀਜੇ ਦਿਨ ਵੀ ਸ਼ਾਮ ਪੰਜ ਵਜੇ ਤਕ ਚਲਿਆ ਸਰਵੇ
ਜਾਣਕਾਰੀ ਅਨੁਸਾਰ ਰਾਮ ਸਿੰਘ ਅਪਣੇ ਦੋਵਾਂ ਪੁੱਤਰਾਂ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ। ਜਿਸ 'ਤੇ ਦੋਵੇਂ ਮੁਲਜ਼ਮ ਅਪਣੇ ਪਿਤਾ ਨਾਲ ਗਾਲੀ-ਗਲੋਚ ਕਰਦੇ ਸਨ ਅਤੇ ਕੁੱਟਮਾਰ ਕਰਦੇ ਸਨ। ਮ੍ਰਿਤਕ ਦੀ ਲੜਕੀ ਕੁਲਦੀਪ ਕੌਰ ਦੇ ਬਿਆਨਾਂ ਅਨੁਸਾਰ ਉਹ ਅਪਣੇ ਪਿਤਾ ਦੇ ਘਰ ਆਈ ਹੋਈ ਸੀ। ਇਸ ਦੌਰਾਨ ਪੁੱਤਰਾਂ ਨੇ ਆਪਣੇ ਪਿਤਾ 'ਤੇ ਕੁਹਾੜੀ ਅਤੇ ਗੰਡਾਸੇ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿਤਾ।
ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਈ ਜਥੇ ਰਾਮ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਧੀ ਕੁਲਦੀਪ ਕੌਰ ਦੇ ਬਿਆਨ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਅਮਰ ਸਿੰਘ ਖ਼ੁਦ ਜ਼ਖ਼ਮੀ ਹੋਣ ਕਾਰਨ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੈ। ਸਰਕਾਰੀ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।