ਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਨੇ ਡੀਜ਼ਲ-ਪੈਟਰੋਲ ਦੀਆਂ ਰਿਕਾਰਡ ਪੱਧਰ 'ਤੇ ਪਹੁੰਚੀਆਂ ਕੀਮਤਾਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਜਿੱਥੇ ਪ੍ਰਧਾਨ

AAP

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਡੀਜ਼ਲ-ਪੈਟਰੋਲ ਦੀਆਂ ਰਿਕਾਰਡ ਪੱਧਰ 'ਤੇ ਪਹੁੰਚੀਆਂ ਕੀਮਤਾਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਹਨਤਾਂ ਪਾਈਆਂ ਹਨ, ਉੱਥੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਮੰਗਿਆ ਹੈ।

ਵੀਰਵਾਰ ਨੂੰ 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਅਤੇ ਬੁਲਾਰੇ ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਕਿਹਾ ਕਿ ਮਹਿੰਗਾਈ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਖ਼ਿਲਾਫ਼ ਵੱਡੇ ਵੱਡੇ ਵਾਅਦੇ ਕਰ ਕੇ ਕੇਂਦਰ 'ਚ ਸਰਕਾਰ ਬਣਾਉਣ ਵਾਲੇ ਭਾਜਪਾ-ਅਕਾਲੀ ਦਲ ਗੱਠਜੋੜ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਨੂੰ ਚੋਣਾਂ ਮੌਕੇ ਰੱਜ ਕੇ ਬੇਵਕੂਫ਼ ਬਣਾਇਆ

ਅਤੇ ਸੱਤਾ 'ਚ ਆਉਂਦਿਆਂ ਹੀ ਹਰ ਵਰਗ ਦੇ ਪਿੱਠ 'ਚ ਛੁਰੇ ਮਾਰੇ।ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ 4 ਸਾਲਾਂ ਦੌਰਾਨ ਇੱਕ ਵੀ ਚੋਣ ਵਾਅਦਾ ਨਹੀਂ ਨਿਭਾਇਆ। ਆਮ ਆਦਮੀ ਦੀ ਕੀਮਤ 'ਤੇ ਅੰਬਾਨੀ-ਅਦਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਦੇ ਹੱਦੋਂ ਵੱਧ ਹਿਤ ਪਾਲੇ, ਨਤੀਜਣ ਅੱਜ ਡੀਜ਼ਲ, ਪੈਟਰੋਲ ਹੋਰ ਪੈਟਰੋਲੀਅਮ ਪਦਾਰਥਾਂ ਸਮੇਤ ਗੈਸ ਦੀਆਂ ਕੀਮਤਾਂ ਨੇ ਇਤਿਹਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ।

ਉਕਤ ਆਗੂਆਂ ਨੇ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਲਈ ਮੋਦੀ ਦੇ ਨਾਲ-ਨਾਲ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਕੈਬਨਿਟ ਮੰਤਰੀ ਵਜੋਂ ਬਰਾਬਰ ਦੀ ਜ਼ਿੰਮੇਵਾਰ ਹੈ। ਇਸ ਕਾਰਨ ਹੀ ਅਕਾਲੀ ਦਲ ਬਾਦਲ ਲਗਾਤਾਰ ਵਧਦੀਆਂ ਆ ਰਹੀਆਂ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਰੁੱਧ ਮੂੰਹ ਨਹੀਂ ਖੋਲਦਾ।

ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਕਿਹਾ ਕਿ 'ਆਪ' ਪੰਜਾਬ ਅੰਦਰ 'ਪੰਜਾਬ ਜੋੜੋ' ਰੈਲੀਆਂ 'ਚ ਲੋਕਾਂ ਨੂੰ ਡੀਜ਼ਲ-ਪੈਟਰੋਲ ਦੀਆਂ ਰਿਕਾਰਡ ਕੀਮਤ ਅਤੇ ਮਹਿੰਗਾਈ ਵਿਰੁੱਧ ਲਾਮਬੰਦ ਕਰੇਗੀ ਅਤੇ ਪਹਿਲੇ ਦੌਰ ਦੀਆਂ ਰੈਲੀਆਂ ਉਪਰੰਤ ਪੰਜਾਬ 'ਚ ਮੋਦੀ ਸਰਕਾਰ ਵਿਰੁੱਧ ਵੱਡੇ-ਪੱਧਰ 'ਤੇ ਰੋਸ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ 'ਤੇ ਸੂਬਾ ਸਰਕਾਰ ਵੱਲੋਂ ਵਸੂਲੇ ਜਾ ਰਹੇ ਆਪਣੇ ਹਿੱਸੇ ਦੇ ਟੈਕਸਾਂ ਨੂੰ ਘਟਾ ਕੇ ਆਮ ਜਨਤਾ ਨੂੰ ਕੁੱਝ ਨਾ ਕੁੱਝ ਰਾਹਤ ਜ਼ਰੂਰ ਦੇਵੇ।