ਪੰਜਾਬ ਯੂਨੀਵਰਸਿਟੀ ਚੋਣਾਂ 'ਚ SOI ਦੀ ਸਰਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੇਤਨ ਚੌਧਰੀ ਬਣੇ ਪ੍ਰਧਾਨ

SOI winner in Punjab University elections

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 'ਚ ਸਟੂਡੈਂਸਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਨੇ ਬਾਜ਼ੀ ਮਾਰ ਲਈ ਹੈ। ਐਸਓਆਈ ਦੇ ਉਮੀਦਵਾਰ ਚੇਤਨ ਚੌਧਰੀ ਨੇ ਪ੍ਰਧਾਨ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਪਹਿਲੀ ਵਾਰ ਐਸਓਆਈ ਦੇ ਉਮੀਦਵਾਰ ਨੇ ਪ੍ਰਧਾਨ ਅਹੁਦੇ 'ਤੇ ਜਿੱਤ ਪ੍ਰਾਪਤ ਕੀਤੀ ਹੈ। ਚੇਤਨ ਚੌਧਰੀ ਪੰਜਾਬ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਵਿਦਿਆਰਥੀ ਹਨ। ਐਸਓਆਈ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ। ਇਸ ਜਿੱਤ ਨਾਲ ਪੰਜਾਬ ਅੰਦਰ ਅਕਾਲੀ ਦਲ ਨੂੰ ਕੁਝ ਰਾਹਤ ਮਿਲੇਗੀ।

ਉਪ ਪ੍ਰਧਾਨ ਅਹੁਦੇ 'ਤੇ ਐਨਐਸਯੂਆਈ ਉਮੀਦਵਾਰ ਰਾਹੁਲ ਕੁਮਾਰ ਅਤੇ ਸੰਯੁਕਤ ਸਕੱਤਰ ਅਹੁਦੇ 'ਤੇ ਐਨਐਸਯੂਆਈ ਦੇ ਹੀ ਮਨਪ੍ਰੀਤ ਮਹਿਲ ਨੇ ਬਾਜ਼ੀ ਮਾਰੀ ਹੈ। ਚੇਤਨ ਚੌਧਰੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 25 ਵੋਟਾਂ ਦੇ ਫ਼ਰਕ ਨਾਲ ਹਰਾਇਆ। ਚੇਤਨ ਚੌਧਰੀ ਨੂੰ ਕੁੱਲ 2209 ਵੋਟਾਂ ਪਈਆਂ। ਉਥੇ ਹੀ ਇਸ ਜਿੱਤ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਵਿਦਿਆਰਥੀ ਵਿੰਗ ਦੀਆਂ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਬਹੁਤ ਕੁੱਝ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਪਾਵਰ ਸੀ ਅਤੇ ਸਾਡੇ ਕੋਲ ਭਗਵਾਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਬਦਲਾਵ ਦੇਖਣ ਨੂੰ ਮਿਲੇਗਾ। ਪੰਜਾਬ ਯੂਨੀਵਰਸਿਟੀ ਚੋਣਾਂ 'ਚ 4 ਸਾਲ ਮਗਰੋਂ ਐਸਓਆਈ ਦੀ ਵਾਪਸੀ ਹੋਈ ਹੈ।

ਜਾਣਕਾਰੀ ਮੁਤਾਬਕ ਪ੍ਰਧਾਨ ਅਹੁਦੇ ਲਈ ਚੇਤਨ ਚੌਧਰੀ ਨੂੰ 2209 ਵੋਟਾਂ, ਏਬੀਵੀਪੀ ਨੂੰ 2175, ਐਨਐਸਯੂਆਈ ਨੂੰ 1645 ਵੋਟਾਂ ਪਈਆਂ। ਵਾਈਸ ਪ੍ਰੈਜੀਡੈਂਟ ਅਹੁਦੇ 'ਤੇ ਐਨਐਸਯੂਆਈ ਦੇ ਉਮੀਦਵਾਰ ਰਾਹੁਲ ਕੁਮਾਰ ਜੇਤੂ ਰਹੇ। ਉਨ੍ਹਾਂ ਨੂੰ 3520 ਵੋਟਾਂ ਮਿਲੀਆਂ। ਸਕੱਤਰ ਅਹੁਦੇ 'ਤੇ ਐਨਐਸਯੂਆਈ ਦੇ ਤੇਗਬੀਰ ਸਿੰਘ 3188 ਵੋਟਾਂ ਨਾਲ ਜੇਤੂ ਰਹੇ। ਸੰਯੁਕਤ ਸਕੱਤਰ ਅਹੁਦੇ 'ਤੇ ਐਨਐਸਯੂਆਈ ਦੇ ਮਨਪ੍ਰੀਤ ਸਿੰਘ ਮਾਹਲ 3796 ਵੋਟਾਂ ਨਾਲ ਜੇਤੂ ਰਹੇ।