ਸ਼ਰਾਬ ਨੂੰ ਕੋਰੋਨਾ ਦੀ ਦਵਾਈ ਦੱਸਣ ਵਾਲਾ ਨਕਲੀ ਪੁਲਸੀਆ ਗ੍ਰਿਫ਼ਤਾਰ
ਹੁਣ ਹੱਥ ਜੋੜ-ਜੋੜ ਮੰਗ ਰਿਹਾ ਮੁਆਫ਼ੀਆਂ
ਲੁਧਿਆਣਾ: ਸੋਸ਼ਲ ਮੀਡੀਆ 'ਤੇ ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਵੱਲੋਂ ਸ਼ਰਾਬ ਨੂੰ ਕੋਰੋਨਾ ਦੀ ਦਵਾਈ ਦੱਸਿਆ ਜਾ ਰਿਹਾ। ਲੁਧਿਆਣਾ ਪੁਲਿਸ ਵੱਲੋਂ ਇਸ ਵੀਡੀਓ ਦੀ ਪੜਤਾਲ ਕਰਨ 'ਤੇ ਪਤਾ ਚੱਲਿਆ ਕਿ ਇਹ ਕੋਈ ਪੁਲਿਸ ਮੁਲਾਜ਼ਮ ਨਹੀਂ ਬਲਕਿ ਨਾਟਕ ਮੰਡਲੀ ਵਿਚ ਕੰਮ ਕਰਨ ਕੋਈ ਕਲਾਕਾਰ ਹੈ।
ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੁਲਵੰਤ ਸਿੰਘ ਢਿੱਲੋਂ ਨਾਂਅ ਦੇ ਇਸ ਵਿਅਕਤੀ ਨੇ ਹੁਣ ਇਕ ਹੋਰ ਵੀਡੀਓ ਜਾਰੀ ਕਰਕੇ ਲੋਕਾਂ ਸਾਹਮਣੇ ਅਪਣੇ ਝੂਠ ਦਾ ਖ਼ੁਦ ਹੀ ਪਰਦਾਫਾਸ਼ ਕੀਤਾ ਏ।
ਉਸ ਨੇ ਕਿਹਾ ਕਿ ਮੇਰਾ ਮਕਸਦ ਡਾਕਟਰਾਂ ਜਾਂ ਪੁਲਿਸ ਨੂੰ ਬਦਨਾਮ ਕਰਨ ਦਾ ਨਹੀਂ ਸੀ, ਮੈਂ ਤਾਂ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਕੋਰੋਨਾ ਦਾ ਇਲਾਜ ਸਿਰਫ਼ ਪੁਲਿਸ ਜਾਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਕੀਤਾ ਜਾ ਸਕਦਾ।
ਉਧਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਵੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ ਕਿ ਇਹ ਵਿਅਕਤੀ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਬਲਕਿ ਕਿਸੇ ਨਾਟਕ ਮੰਡਲੀ ਵਿਚ ਕੰਮ ਕਰਨ ਵਾਲਾ ਕਲਾਕਾਰ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੜਤਾਲ ਜ਼ਰੂਰ ਕਰ ਲੈਣ ਕਿਉਂਕਿ ਬਹੁਤ ਸਾਰੇ ਖ਼ੁਰਾਫ਼ਾਤੀ ਲੋਕ ਇਸ ਤਰ੍ਹਾਂ ਦੇ ਗ਼ਲਤ ਕੰਮਾਂ ਨੂੰ ਅੰਜ਼ਾਮ ਦੇਣ ਵਿਚ ਲੱਗੇ ਹੋਏ ਨੇ, ਜਿਸ ਨਾਲ ਸਮਾਜ ਵਿਚ ਗ਼ਲਤ ਸੰਦੇਸ਼ ਜਾਂਦਾ ਏ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਚਲਦਿਆਂ ਲੁਧਿਆਣਾ ਵਿਚ ਪੁਲਿਸ ਵੱਲੋਂ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਨਾਲ ਹੀ ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਜਾ ਰਿਹਾ।