'ਆਪ' ਨਾਲ ਗਠਜੋੜ 'ਤੇ ਸਹਿਮਤ ਹੋਏ ਨਵਜੋਤ ਸਿੱਧੂ, ਕਿਹਾ- ਨਿੱਜੀ ਸੁਆਰਥਾਂ ਨੂੰ ਛੱਡ ਕੇ ਲੜਨੀਆਂ ਚਾਹੀਦੀਆਂ ਅਗਲੀਆਂ ਚੋਣਾਂ
''ਜੁੜੇਗਾ ਭਾਰਤ ਜਿੱਤੇਗਾ “INDIA”''
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੂਬਾ ਕਾਂਗਰਸ ਤੋਂ ਵੱਖ ਹੋ ਗਏ ਹਨ। ਉਹ ਪੰਜਾਬ ਕਾਂਗਰਸ ਅਤੇ ‘ਆਪ’ ਗਠਜੋੜ ਲਈ ਸਹਿਮਤ ਹੋ ਗਏ ਹਨ। ਨਾਲ ਹੀ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ। ਨਵਜੋਤ ਸਿੱਧੂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਚਾਰਜਸ਼ੀਟ 'ਚ ਹੋਏ ਕਈ ਖੁਲਾਸੇ
ਜ਼ਿਕਕਯੋਗ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਆਗੂ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਆਪ’ ਨਾਲ ਲੜਨ ਲਈ ਰਾਜ਼ੀ ਨਹੀਂ ਹੋਏ ਹਨ ਪਰ ਨਵਜੋਤ ਸਿੱਧੂ ਨੇ ਇਸ ਮਾਮਲੇ 'ਤੇ ਟਵੀਟ ਕਰਕੇ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਮਕਸਦ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਸਤਿਕਾਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਲਈ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਮੁਫ਼ਤ ਸਕੀਮ ਵਿਚ ਵੀ ਘਾਟਾ: ਪੰਜਾਬ ਵਿਚ ਪਿਛਲੇ ਇਕ ਸਾਲ ਵਿਚ 1600 ਕਰੋੜ ਦੀ ਬਿਜਲੀ ਚੋਰੀ
ਸਿੱਧੂ ਨੇ ਲਿਖਿਆ ਕਿ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀ ਪੀੜ੍ਹੀ ਲਈ ਲੜੀਆਂ ਜਾਂਦੀਆਂ ਹਨ। ਟਵੀਟ ਦੇ ਅੰਤ 'ਚ ਉਨ੍ਹਾਂ ਨੇ ਲਿਖਿਆ ਜੁੜੇਗਾ ਭਾਰਤ - ਜਿੱਤੇਗਾ ਇੰਡੀਆ
ਧਿਆਨਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਨੇ I.N.D.I.A. ਵਿਚ 'ਆਪ' ਅਤੇ ਹੋਰ ਪਾਰਟੀਆਂ ਨਾਲ ਗਠਜੋੜ ਕੀਤਾ ਸੀ। ਇਸ ਤੋਂ ਬਾਅਦ ਸੂਬਾ ਕਾਂਗਰਸ ਅਤੇ ‘ਆਪ’ ਦੇ ਗਠਜੋੜ ਨਾਲ ਪੰਜਾਬ ਲੋਕ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ। ਇਸ ਮਾਮਲੇ 'ਤੇ ਪਹਿਲਾ ਸਪੱਸ਼ਟ ਬਿਆਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਮਕਸਦ ਲਈ ਛੋਟੇ ਮਤਭੇਦਾਂ ਨੂੰ ਭੁਲਾਉਣਾ ਪਵੇਗਾ ਪਰ ਪੰਜਾਬ ਕਾਂਗਰਸ ਦੇ ਕਿਸੇ ਵੀ ਵੱਡੇ ਨੇਤਾ ਨੇ ਅਜੇ ਤੱਕ 'ਆਪ' ਨਾਲ ਗਠਜੋੜ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।