ਪੰਜਾਬ ਦੀਆਂ ਜੇਲ੍ਹਾਂ ਤੋਂ ਚੱਲ ਰਿਹੈ ਦਹਿਸ਼ਤਗਰਦੀ ਦਾ ਨੈੱਟਵਰਕ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਤਿੰਨ ਮਹੀਨੇ ਵਿਚ ਪੰਜਾਬ ਸਰਹੱਦ ਜ਼ਰੀਏ ਪਾਕਿ ਤੋਂ ਆਈਆਂ ਤਿੰਨ ਵੱਡੀਆਂ ਕੰਸਾਈਨਮੈਂਟਸ ਦਾ ਕਨੈਕਸ਼ਨ ਜੰਮੂ ਕਸ਼ਮੀਰ ਨਾਲ ਮਿਲਿਆ ਹੋਇਆ ਹੈ।

Punjab Jail

ਚੰਡੀਗੜ੍ਹ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਵਧਾਈ ਗਈ ਚੌਕਸੀ ਕਾਰਨ ਪਾਕਿਸਤਾਨੀ ਜਿਹਾਦੀ ਸੰਗਠਨ ਹੁਣ ਪੰਜਾਬ ਦੀ ਸਰਹੱਦ ਨੂੰ ਘਾਟੀ ਵਿਚ ਅਤਿਵਾਦੀਆਂ ਤਕ ਸਮਾਨ ਪਹੁੰਚਾਉਣ ਲਈ ਟ੍ਰਾਂਜਿਟ ਰੂਟ ਦੇ ਤੌਰ ’ਤੇ ਵਰਤ ਰਹੇ ਹਨ ਅਤੇ ਪਾਕਿ ’ਚ ਬੈਠੇ ਖ਼ਾਲਿਸਤਾਨੀ ਸਮਰਥਕਾਂ ਦੇ ਪੰਜਾਬ ਕਨੈਕਸ਼ਨ ਦਾ ਸਿੱਧਾ ਫ਼ਾਇਦਾ ਉਠਾ ਰਹੇ ਹਨ। ਬੀਤੇ ਦਿਨ ਕਠੂਆ ਵਿਚ 3 ਜੈਸ਼ ਅਤਿਵਾਦੀਆਂ ਕੋਲੋਂ ਫੜੇ ਹਥਿਆਰ ਪੰਜਾਬ ਤੋਂ ਜੰਮੂ ਜਾਣਾ ਅਤੇ ਫਿਰ ਡ੍ਰੋਨ ਜ਼ਰੀਏ ਤਰਨ ਤਾਰਨ ਦੇ ਖੇਮਕਰਨ ਸੈਕਟਰ ਤੋਂ ਹਥਿਆਰਾਂ ਅਤੇ ਸੈਟੇਲਾਈਟ ਫੋਨਾਂ ਦਾ ਮਿਲਣਾ ਇਸੇ ਵੱਲ ਇਸ਼ਾਰਾ ਕਰਾਦਾ ਹੈ।

ਇਸ ਤੋਂ ਪਹਿਲਾਂ ਵਾਹਗਾ ਸਰਹੱਦ ਜ਼ਰੀਏ ਲੂਣ ਵਿਚ ਛੁਪਾ ਕੇ ਆਈ 532 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਦਾ ਕਨੈਕਸ਼ਨ ਵੀ ਜੰਮੂ ਨਾਲ ਜੁੜਿਆ ਸੀ ਕਿਉਂਕਿ ਇਸ ਨਾਲ ਟੈਰਰ ਫੰਡਿੰਗ ਕੀਤੀ ਜਾਂਦੀ ਹੈ। ਪਿਛਲੇ ਤਿੰਨ ਮਹੀਨੇ ਵਿਚ ਪੰਜਾਬ ਸਰਹੱਦ ਜ਼ਰੀਏ ਪਾਕਿ ਤੋਂ ਆਈਆਂ ਇਨ੍ਹਾਂ ਤਿੰਨ ਵੱਡੀਆਂ ਕੰਸਾਈਨਮੈਂਟਸ ਦਾ ਕਨੈਕਸ਼ਨ ਜੰਮੂ ਕਸ਼ਮੀਰ ਨਾਲ ਮਿਲਿਆ ਹੋਇਆ ਹੈ। ਪੰਜਾਬ ਇੰਟੈਲੀਜੈਂਸ ਅਤੇ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ ਪਰ ਉਹ ਪੂਰੇ ਨੈੱਟਵਰਕ ਨੂੰ ਬ੍ਰੇਕ ਨਹੀਂ ਕਰ ਸਕੀ ਜੋ ਕਥਿਤ ਤੌਰ ’ਤੇ ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜਿਆ ਹੋਇਆ ਹੈ। ਆਓ ਉਨ੍ਹਾਂ ਕੁੱਝ ਘਟਨਾਵਾਂ ’ਤੇ ਝਾਤ ਮਾਰਦੇ ਹਾਂ ਜੋ ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜੀਆਂ ਹੋਈਆਂ ਹਨ।

27 ਨਵੰਬਰ 2016 : ਨਾਭਾ ਜੇਲ੍ਹ ਤੋਂ ਕੇਐਲਐਫ ਦੇ ਚੀਫ਼ ਹਰਮਿੰਦਰ ਸਿੰਘ ਮਿੰਟੂ ਗੈਂਗਸਟਰਾਂ ਦੀ ਮਦਦ ਨਾਲ ਭੱਜਣ ਵਿਚ ਕਾਮਯਾਬ ਰਿਹਾ। ਹਾਂਗਕਾਂਗ ਵਿਚ ਬੈਠੇ ਗੈਂਗਸਟਰ ਰੋਮੀ ਸਿੱਧੂ ਨੇ ਉਸ ਦੀ ਮਦਦ ਕੀਤੀ, ਇਸ ਪੂਰੀ ਸਾਜਿਸ਼ ਨੂੰ ਜੇਲ੍ਹ ਵਿਚੋਂ ਹੀ ਅੰਜ਼ਾਮ ਦਿੱਤਾ ਗਿਆ ਸੀ। 
6 ਨਵੰਬਰ 2017 : ਪੰਜਾਬ ਵਿਚ 10 ਟਾਰਗੈੱਟ ਕਿਲਿੰਗ ਕਰਨ ਵਾਲਾ ਮਾਡਿਊਲ ਫੜਿਆ ਤਾਂ ਉਸ ਦਾ ਕਨੈਕਸ਼ਨ ਵੀ ਨਾਭਾ ਜੇਲ੍ਹ ਵਿਚ ਬੰਦ ਹਰਮਿੰਦਰ ਸਿੰਘ ਮਿੰਟੂ ਨਾਲ ਜੁੜਿਆ ਮਿਲਿਆ, ਜਿਸ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਧਰਮਿੰਦਰ ਗੁਗਨੀ ਦੀ ਮਦਦ ਲੈ ਕੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਦੀ ਮੁਲਾਕਾਤ ਪਾਕਿ ਵਿਚ ਹਰਮੀਤ ਪੀਐਚਡੀ ਅਤੇ ਇੰਗਲੈਂਡ ਵਿਚ ਗੁਰਸ਼ਰਨਬੀਰ ਨੇ ਕਰਵਾਈ ਸੀ।

22 ਸਤੰਬਰ 2017 : ਇਹ ਮਾਮਲਾ ਹਥਿਆਰਾਂ ਦੀ ਕੰਸਾਈਨਮੈਂਟ ਸਪਲਾਈ ਕਰਨ ਵਾਲੇ ਡ੍ਰੋਨਾਂ ਦਾ ਹੈ। ਇਸ ਵਿਚ ਵੀ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਅਤਿਵਾਦੀ ਮਾਨ ਸਿੰਘ ਅਤੇ ਪਾਕਿ ਵਿਚ ਬੈਠੇ ਕੇਐਲਐਫ ਦੇ ਚੀਫ਼ ਰਣਜੀਤ ਸਿੰਘ ਨੀਟਾ ਦਾ ਹੱਥ ਸਾਹਮਣੇ ਆਇਆ ਸੀ। ਮਾਨ ਸਿੰਘ ਜਰਮਨੀ ਵਿਚ ਬੈਠੇ ਗੁਰਜੀਤ ਸਿੰਘ ਬੱਗਾ ਦੇ ਨਾਲ ਮਿਲ ਕੇ ਜੇਲ੍ਹ ਤੋਂ ਸਾਰਾ ਨੈੱਟਵਰਕ ਹੈਂਡਲ ਕਰ ਰਿਹਾ ਸੀ।
2 ਨਵੰਬਰ 2018 : ਪਟਿਆਲਾ ਵਿਚ ਅਤਿਵਾਦੀ ਸ਼ਬਨਮਬੀਰ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਪਾਕਿ ਮੇਡ ਹਥਿਆਰ ਬਰਾਮਦ ਹੋਏ, ਜੋ ਉਸ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੇ ਭਿਜਵਾਏ ਸਨ ਪਰ ਸਰਹੱਦ ਤੋਂ ਇਨ੍ਹਾਂ ਗ੍ਰਨੇਡਾਂ ਨੂੰ ਕਿਸ ਨੇ ਪਾਰ ਕਰਵਾਇਆ, ਇਸ ਗੱਲ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ।

18 ਨਵੰਬਰ 2018 : ਅੰਮ੍ਰਿਤਸਰ ਦੇ ਨਿਰੰਕਾਰੀ ਸਤਿਸੰਗ ਭਵਨ ਵਿਚ ਗ੍ਰਨੇਡ ਅਟੈਕ ਕਰਕੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ, ਇਸ ਹਮਲੇ ਵਿਚ ਵਰਤੇ ਗਏ ਗ੍ਰਨੇਡ ਵੀ ਪਾਕਿ ਮੇਡ ਸਨ, ਜਿਨ੍ਹਾਂ ਨੂੰ ਪਾਕਿ ਵਿਚ ਬੈਠੇ ਕੇਐਲਐਫ ਚੀਫ਼ ਪੀਐਚਡੀ ਨੇ ਇੱਥੇ ਪਹੁੰਚਾਇਆ ਸੀ ਪਰ ਇਹ ਗ੍ਰਨੇਡ ਕਿਸ ਨੇ ਸਰਹੱਦ ਪਾਰ ਕਰਵਾਏ, ਇਸ ਦਾ ਵੀ ਅੱਜ ਤਕ ਪਤਾ ਨਹੀਂ ਚੱਲ ਸਕਿਆ।
3 ਜੂਨ 2019 : ਦੋ ਪਾਕਿਸਤਾਨੀ ਨੌਜਵਾਨ ਗ੍ਰਨੇਡ ਦਾ ਬੈਗ ਛੱਡ ਕੇ ਫ਼ਰਾਰ ਹੋ ਗਏ ਸਨ, ਇਹ ਗ੍ਰਨੇਡ ਵੀ ਕੇਐਲਐਫ ਚੀਫ਼ ਹਰਮੀਤ ਪੀਐਚਡੀ ਨੇ ਭਿਜਵਾਏ ਸਨ, ਜਿਸ ਦਾ ਖ਼ੁਲਾਸਾ ਤਸਕਰਾਂ ਦੀ ਗਿ੍ਰਫ਼ਤਾਰੀ ਤੋਂ ਹੋਇਆ ਸੀ ਪਰ ਇਹ ਗ੍ਰਨੇਡ ਇਨ੍ਹਾਂ ਨੂੰ ਪੀਐਚਡੀ ਦੇ ਕਹਿਣ ’ਤੇ ਕਿਸ ਨੇ ਡਿਲੀਵਰ ਕਰਵਾਏ, ਇਹ ਹਾਲੇ ਤਕ ਪਤਾ ਨਹੀਂ ਚੱਲਿਆ।
2 ਸਤੰਬਰ 2019 : ਕਠੂਆ ਵਿਚ ਤਿੰਨ ਅਤਿਵਾਦੀਆਂ ਕੋਲੋਂ 4 ਏਕੇ-56 ਅਤੇ 2 ਏਕੇ-47 ਫੜੀਆਂ ਗਈਆਂ ਜੋ ਪੰਜਾਬ ਸਰਹੱਦ ਜ਼ਰੀਏ ਪਾਕਿਸਤਾਨ ਤੋਂ ਆਈਆਂ ਸਨ ਪਰ ਬਟਾਲਾ ਦੇ ਕੋਲ ਬਾਈਪਾਸ ’ਤੇ ਮਾਰੂਤੀ ਕਾਰ ਵਿਚ ਆਏ ਦੋ ਨੌਜਵਾਨਾਂ ਨੇ ਸਪਲਾਈ ਕੀਤੀਆਂ। ਉਹ ਨੌਜਵਾਨ ਕੌਣ ਸਨ, ਇਹ ਵੀ ਹਾਲੇ ਤਕ ਪਤਾ ਨਹੀਂ ਲੱਗ ਸਕਿਆ।

4 ਸਤੰਬਰ 2019 : ਤਰਨਤਾਰਨ ਵਿਚ ਬੰਬ ਛੁਪਾਉਂਦੇ ਸਮੇਂ ਧਮਾਕਾ ਹੋ ਗਿਆ ਸੀ, ਜਿਸ ਵਿਚ ਦੋ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਅੱਧਾ ਦਰਜਨ ਦੇ ਕਰੀਬ ਲੋਕ ਨਾਮਜ਼ਦ ਕੀਤੇ ਗਏ। ਅਮਰੀਕਾ ਵਿਚ ਬੈਠਾ ਗੁਰਪ੍ਰੀਤ ਸਿੰਘ ਇਸ ਨੈੱਟਵਰਕ ਨੂੰ ਹੈਂਡਲ ਕਰ ਰਿਹਾ ਸੀ ਪਰ ਉਸ ਨੇ ਕਿਸ ਦੇ ਜ਼ਰੀਏ ਇਹ ਬੰਬ ਡਿਲੀਵਰ ਕਰਵਾਏ ਸਨ, ਇਹ ਹਾਲੇ ਤਕ ਪਤਾ ਨਹੀਂ ਚੱਲਿਆ। ਇਹ ਉਹ ਮਾਮਲੇ ਨੇ ਜਿਨ੍ਹਾਂ ਕਾਰਨ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਅਸ਼ਾਂਤੀ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕੁੱਝ ਵੱਡੇ ਪ੍ਰਮੁੱਖ ਮਾਮਲਿਆਂ ਦਾ ਕਨੈਕਸ਼ਨ ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨਾਲ ਸੁਰੱਖਿਆ ਏਜੰਸੀਆਂ ’ਤੇ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।