550 ਸਾਲਾ ਨੂੰ ਦਰਸਾਉਂਦਾ ਚਿੰਨ੍ਹ ਬਣਿਆ ਸੈਲਫ਼ੀ ਪੁਆਇੰਟ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਕਾਸ ਪੁਰਬ ਸਮਾਗਮਾਂ ਸਬੰਧੀ ਨੌਜਵਾਨਾਂ 'ਚ ਭਾਰੀ ਉਤਸਾਹ

Logo of 550th Parkash Purab celebrations become hits as selfie point

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਚ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਚ ਚੱਲ ਰਹੇ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਨੌਜਵਾਨ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਉਥੇ ਮੁੱਖ ਪੰਡਾਲ ਦੇ ਬਾਹਰ ਸਥਾਪਤ 550ਵੇਂ ਪ੍ਰਕਾਸ ਪੁਰਬ ਨੂੰ ਦਰਸਾਉਂਦਾ 550 ਦਾ ਨਿਸਾਨ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਖਾਸ ਕਰ ਕੇ ਨੌਜਵਾਨਾਂ ਲਈ ਤਾਂ ਇਹ ਸੈਲਫੀ ਪੁਆਇੰਟ ਬਣ ਗਿਆ ਹੈ, ਜਿਥੇ ਵੱਡੀ ਗਿਣਤੀ ਵਿਚ ਨੌਜਵਾਨ ਆਪਣੇ ਦੋਸਤਾਂ ਨਾਲ ਸੈਲਫ਼ੀ ਲੈ ਰਹੇ ਹਨ।

ਪਿੰਡ ਬਹੋੜ ਜਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨਵਪ੍ਰੀਤ ਸਿੰਘ ਨੇ ਆਪਣੇ ਕਾਲਜ ਦੇ ਦੋਸਤਾਂ ਨਾਲ ਸੈਲਫ਼ੀ ਲੈਂਦਿਆਂ ਕਿਹਾ ਕਿ ਉਹ ਇਸ ਨੂੰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਆਪਣੇ ਬਾਕੀ ਦੇ ਦੋਸਤਾਂ ਅਤੇ ਰਿਸਤੇਦਾਰਾਂ ਨਾਲ ਸਾਂਝਾ ਕਰੇਗਾ ਤਾਂ ਜੋ ਉਹ ਵੀ ਇਥੇ ਪਹੁੰਚ ਕੇ ਅਜਿਹੇ ਅਨਮੋਲ ਪਲਾਂ ਨੂੰ ਆਪਣੇ ਮੋਬਾਇਲਾਂ ਅਤੇ ਕੈਮਰਿਆਂ ਵਿੱਚ ਕੈਦ ਕਰ ਸਕਣ। ਖਿਲਚੀਆਂ ਤੋਂ ਪੁੱਜੇ ਅਰਸਦੀਪ ਸਿੰਘ ਨੇ ਆਪਣੀ ਮਾਤਾ ਨਾਲ ਸੈਲਫ਼ੀ ਲੈਣ ਮਗਰੋਂ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਖੁਸਕਿਸਮਤ ਮੰਨਦਾ ਹੈ ਕਿ ਉਸ ਨੂੰ ਇਨ੍ਹਾਂ ਸਮਾਗਮਾਂ ਵਿਚ ਆਪਣੀ ਮਾਤਾ ਜੀ ਨਾਲ ਸਰਿਕਤ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਤਾ ਨਾਲ ਲਈ ਸੈਲਫੀ ਸੋਸਲ ਮੀਡੀਆ ਰਾਹੀਂ ਦੋਸਤਾਂ ਅਤੇ ਰਿਸਤੇਦਾਰਾਂ ਨਾਲ ਸਾਂਝੀ ਕਰੇਗਾ।

ਇਸੇ ਤਰ੍ਹਾਂ 550 ਸਾਲਾ ਦੇ ਚਿੰਨ ਨੇੜੇ ਪਰਵਾਰਾਂ ਨਾਲ ਸੈਲਫ਼ੀ ਅਤੇ ਤਸਵੀਰਾਂ ਲੈਣ ਲਈ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ। ਪਤਨੀ ਅਤੇ ਨੰਨੇ ਬੱਚੇ ਸਮੇਤ ਸੈਲਫ਼ੀ ਲੈਂਦਿਆਂ ਕੇਹਰ ਸਿੰਘ ਨੇ ਕਿਹਾ ਕਿ ਉਹ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ 550ਵੇਂ ਪ੍ਰਕਾਸ ਪੁਰਬ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਆਏ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀਆਂ ਰਿਸਤੇਦਾਰਾਂ ਨਾਲ ਪੁੱਜੀ ਕੁਲਬੀਰ ਕੌਰ ਨੇ ਸੈਲਫ਼ੀ ਲੈਂਦਿਆਂ ਕਿਹਾ ਕਿ 550 ਸਾਲਾ ਪ੍ਰਕਾਸ ਪੁਰਬ ਦੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਦਾ ਮੌਕਾ ਸੁਭਾਗ ਨਾਲ ਹੀ ਮਿਲਦਾ ਹੈ, ਜਿਸ ਨੂੰ ਉਸ ਨੇ ਸੈਲਫੀ ਰਾਹੀਂ ਹਮੇਸਾ ਲਈ ਸੰਭਾਲ ਲਿਆ ਹੈ। ਸੈਲਫੀਜ ਅਤੇ ਤਸਵੀਰਾਂ ਲੈਣ ਤੋਂ ਇਲਾਵਾ ਨੌਜਵਾਨਾਂ ਵਿਚ ਫਾਸਟ ਫੂਡ ਦੇ ਲੰਗਰ ਪ੍ਰਤੀ ਵੀ ਉਤਸਾਹ ਦੇਖਣ ਨੂੰ ਮਿਲਿਆ। ਬਰਗਰ, ਪੀਜ਼ਾ ਅਤੇ ਨੂਡਲਜ ਦੇ ਲੰਗਰ ਵਿਚ ਨੌਜਵਾਨਾਂ ਦੀ ਭਾਰੀ ਭੀੜ ਲੱਗੀ ਹੋਈ ਸੀ।