ਸੁਲਤਾਨਪੁਰ ਲੋਧੀ 'ਚ ਵਾਟਰ ਏਟੀਐਮ ਬਣੇ ਖਿੱਚ ਦਾ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾ ਦੇ ਨਾਲ ਹੀ ਦੇ ਰਹੇ ਹਨ ਪਾਣੀ ਬਚਾਉਣ ਦਾ ਸੁਨੇਹਾ

Water ATM’s at Sultanpur Lodhi become centre of attraction

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੰਗਤ ਦੀ ਸੇਵਾ ਲਈ ਲਾਏ ਗਏ ਵਾਟਰ ਏਟੀਐਮ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੂਰੇ ਇਲਾਕੇ ਵਿਚ 10 ਵਾਟਰ ਏਟੀਐਮ ਸਥਾਪਤ ਕੀਤੇ ਗਏ ਹਨ। ਇਕ ਏਟੀਐੈਮ ਮਸ਼ੀਨ ਵਾਂਗ ਹੀ ਇਨਾਂ ਵਾਟਰ ਏਟੀਐਮਜ਼ 'ਤੇ ਐਡੀਈਡੀ ਸਕਰੀਨ ਲੱਗੀ ਹੋਈ ਹੈ, ਜਿਸ 'ਤੇ ਪਾਣੀ ਬਚਾਉਣ ਦਾ ਸੰਦੇਸ਼ ਚੱਲਦਾ ਰਹਿੰਦਾ ਹੈ। ਇਥੇ ਸੰਗਤ ਨੂੰ 24 ਘੰਟੇ ਪੀਣ ਦਾ ਸਾਫ਼ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਵਾਟਰ ਏਟੀਐਮ ਦੇ ਨਾਲ ਹੀ ਟੈਪਿੰਗ ਮਸ਼ੀਨਾਂ ਵੀ ਲਾਈਆਂ ਗਈਆਂ ਹਨ ਜਿੱਥੇ ਜ਼ਰੂਰਤ ਅਨੁਸਾਰ ਪਾਣੀ ਲਿਆ ਜਾ ਸਕਦਾ ਹੈ।

ਪਾਣੀ ਬਚਾਉਣ ਦਾ ਸੰਦੇਸ਼ ਦੇਣ ਲਈ ਇਨਾਂ ਟੂਟੀਆਂ ਦੇ ਬਟਨ ਦਾ ਕੰਟਰੋਲ ਪੈਰਾਂ ਕੋਲ ਦਿੱਤਾ ਗਿਆ ਹੈ ਜਿਸ ਨੂੰ ਦਬਾ ਕੇ ਜ਼ਰੂਰਤ ਅਨੁਸਾਰ ਪਾਣੀ ਕੱਢਿਆ ਜਾ ਸਕਦਾ ਹੈ। ਪਾਣੀ ਦੀ ਬਰਬਾਦੀ ਇੱਥੇ ਸੰਭਵ ਹੀ ਨਹੀਂ ਹੈ। ਇਸੇ ਤਰ੍ਹਾਂ ਵਾਟਰ ਬਟਨ ਦਬਾਉਣ 'ਤੇ ਸਿਰਫ਼ ਜ਼ਰੂਰਤ ਮੁਤਾਬਕ ਹੀ ਪਾਣੀ ਕਢਿਆ ਜਾ ਸਕਦਾ ਹੈ। ਡੇਰਾ ਬਾਬਾ ਨਾਨਕ ਤੋਂ ਆਏ ਗੁਰਦੀਪ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਥੇ ਸੰਗਤ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਹ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਪਹੁੰਚਣ ਤੋਂ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਜਾਣ ਤਕ ਸੰਗਤ ਦੀ ਸੇਵਾ ਲਈ ਵੱਡੇ ਇੰਤਜ਼ਾਮ ਕੀਤੇ ਗਏ ਹਨ। ਗੁਰਦਾਪੁਰ ਤੋਂ ਗੁਰੂ ਘਰ ਸੀਸ ਨਿਵਾਉਣ ਆਏ ਬੰਤ ਸਿੰਘ ਨੇ ਕਿਹਾ ਕਿ ਇਥੇ ਮੁਫ਼ਤ ਬਸਾਂ, ਈ-ਰਿਕਸ਼ਾ, ਲੋਕਾਂ ਦੇ ਰਹਿਣ ਲਈ ਟੈਂਟ ਸਿਟੀ ਸਮੇਤ ਹੋਰ ਕਈ ਇੰਤਜ਼ਾਮ ਕੀਤੇ ਗਏ ਹਨ, ਜੋ ਆਪਣੇ ਆਪ ਵਿਚ ਮਿਸਾਲ ਹਨ।

ਡਿਪਟੀ ਕਮਿਸ਼ਨਰ ਕਪੂਰਥਲਾ ਡੀਪੀਐਸ ਖਰਬੰਦਾ ਨੇ ਦਸਿਆ ਕਿ ਸੰਗਤ ਨੂੰ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ ਇੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੂਰੇ ਇਲਾਕੇ ਵਿਚ 8 ਟਿਊਬਵੈਲ ਲਾਏ ਹਨ, ਜੋ ਲਗਾਤਾਰ ਪਾਣੀ ਦੀ ਸਪਲਾਈ ਦੇ ਰਹੇ ਹਨ। ਇੱਥੇ 131 ਐਚਡੀਪੀਈ ਵਾਟਰ ਸਟੋਰੇਜ਼ ਟੈਂਕ ਸਥਾਪਤ ਕੀਤੇ ਹਨ। 107 ਸਟੇਨਲੈੱਸ ਸਟੀਲ ਟੈਪਿੰਗ ਸਿਸਟਮ ਹਨ ਤੇ 10 ਵਾਟਰ ਏਟੀਐਮ ਲੱਗੇ ਹੋਏ ਹਨ। ਪੂਰੇ ਇਲਾਕੇ ਵਿਚ ਜਗਾ ਜਗਾ ਪਾਣੀ ਦਾ ਪ੍ਰਬੰਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ 24 ਘੰਟੇ ਸਾਫ਼ ਪਾਣੀ ਮੁਹੱਈਆ ਕਰਾਊਣ ਲਈ ਵਚਨਬੱਧ ਹੈ, ਜਿਸ ਲਈ ਸਾਡੀਆਂ ਟੀਮਾਂ ਲਗਾਤਾਰ ਫੀਲਡ ਵਿਚ ਕੰਮ ਕਰ ਰਹੀਆਂ ਹਨ।