ਸੁਲਤਾਨਪੁਰ ਲੋਧੀ ਜਾਣ ਲਈ ਤੁਹਾਡੇ ਲਈ ਕਿਹੜਾ ਰਸਤਾ ਹੈ ਸਭ ਤੋਂ ਆਸਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਝੇ ਸਿੱਖ ਭਾਈਚਾਰੇ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕਪੂਰਥਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਝੇ ਸਿੱਖਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ, ਸਿੱਖ ਜਥੇਬੰਦੀਆਂ, ਸ਼ਹਿਰਾਂ ਅਤੇ ਪਿੰਡਾਂ ਦੇ ਵਸਨੀਕ ਆਪੋ-ਆਪਣੇ ਪੱਧਰ 'ਤੇ ਸਮਾਗਮ ਕਰਵਾ ਰਹੇ ਹਨ ਅਤੇ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ 'ਚ ਸ਼ਿਰਕਤ ਕਰਨ ਲਈ ਸੁਲਤਾਨਪੁਰ ਲੋਧੀ ਆਉਣ ਵਾਲੀਆਂ ਸੰਗਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰੂਟ ਪਲਾਨ ਤਿਆਰ ਕੀਤਾ ਹੈ।
ਲੁਧਿਆਣਾ, ਅੰਮ੍ਰਿਤਸਰ , ਫਿਰੋਜ਼ਪੁਰ ਤੇ ਮੋਗਾ ਤੋਂ ਆਉਣ ਵਾਲੀ ਸੰਗਤ ਲਈ ਵਿਸ਼ੇਸ਼ ਤੌਰ 'ਤੇ ਰੂਟ ਪਲਾਨ ਬਣਾਇਆ ਗਿਆ ਹੈ ਤਾਂ ਜੋ ਸੰਗਤ ਨੂੰ ਜਾਮ ਤੋਂ ਬਚਾਇਆ ਜਾ ਸਕੇ। ਇਸ ਪੂਰੇ ਸਮਾਗਮ ਦੌਰਾਨ ਪਿੰਡ ਡਡਵਿੰਡੀ 'ਚ ਬਣੀ ਪਾਰਕਿੰਗ ਪੂਰੇ ਜ਼ਿਲ੍ਹੇ 'ਚ ਆਉਣ ਵਾਲੀ ਆਵਾਜਾਈ ਦੇ ਧੁਰੇ ਦੇ ਰੂਪ 'ਚ ਕੰਮ ਕਰੇਗੀ।ਕਪੂਰਥਲਾ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਵਿਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਇਸ ਨਕਸ਼ਾ ਤਿਆਰ ਕੀਤਾ ਗਿਆ ਹੈ, ਜੋ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਸੁਲਤਾਨਪੁਰ ਲੋਧੀ ਆਉਣ ਲਈ ਸਹਾਇਤਾ ਕਰੇਗਾ।
ਕਪੂਰਥਲਾ ਪੁਲਿਸ ਨੇ ਧਾਰਮਕ ਸਮਾਗਮ ਦੌਰਾਨ ਜ਼ਿਲ੍ਹੇ ਵਿਚ ਵੱਡੇ ਪੱਧਰ ‘ਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਨਿਯੁਕਤੀ ਵੀ ਕੀਤੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਵੀਆਈਪੀ ਸ਼ਖ਼ਸੀਅਤਾਂ ਤੇ ਹੋਰ ਮਸ਼ਹੂਰ ਹਸਤੀਆਂ ਦੇ ਲਈ ਵੀ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤ ਲਈ ਐਮਰਜੈਂਸੀ ਵਾਹਨਾਂ ਨੂੰ ਵਿਸ਼ੇਸ਼ ਰੰਗ ਕਰ ਕੇ ਪਾਸ ਮੁਹੱਈਆ ਕਰਵਾਏ ਗਏ ਹਨ। ਸੁਲਤਾਨਪੁਰ ਲੋਧੀ 'ਚ ਸੰਗਤ ਦੀ ਆਮਦ ਨੂੰ ਲੈ ਕੇ ਸੜਕਾਂ ਨੂੰ ਚੌੜਾ ਕਰਨ ਤੋਂ ਇਲਾਵਾ ਕਈ ਲਾਈਨਾਂ 'ਚ ਵੰਡਿਆ ਗਿਆ ਹੈ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਨੂੰ ਬਾਹਰ ਤੇ ਅੰਦਰ ਦੀ ਪਾਰਕਿੰਗ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਵੀ ਪਾਰਕਿੰਗ ਬਣਾਈ ਗਈ ਹੈ। ਬਾਹਰ ਵਾਲੀ ਪਾਰਕਿੰਗ 'ਚ ਪੁੱਜਣ ਤੋਂ ਬਾਅਦ ਮਿੰਨੀ ਬੱਸਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੰਗਤ ਲਈ ਈ ਰਿਕਸ਼ੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸੰਗਤਾਂ ਲਈ ਪੀਣ ਵਾਲੇ ਪਾਣੀ, ਮੈਡੀਕਲ, ਲੰਗਰ, ਜੋੜਾ ਘਰ, ਰਿਹਾਇਸ਼ ਅਤੇ ਪਖਾਨਿਆਂ ਆਦਿ ਦੀਆਂ ਸਹੂਲਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।