ਹਰਸਿਮਰਤ ਬਾਦਲ ਨੇ ਕੈਪਟਨ ਵੱਲ ਸਾਧਿਆ ਨਿਸ਼ਾਨਾ, ਕੇਂਦਰ ਨਾਲ ਫਰੈਂਡਲੀ ਮੈਚ ਖੇਡਣ ਦੇ ਲਾਏ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਖੇਤੀ ਕਾਨੂੰਨਾਂ ਲਈ ਦਿੱਲੀ 'ਚ ਸਹਿਮਤੀ ਦੇ ਕੇ ਆਈ ਸੀ ਕੇਂਦਰ ਸਰਕਾਰ

Harsimrat Kaur Badal

ਬਠਿੰਡਾ : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਰਮਿਆਨ ਸਿਆਸੀ ਆਗੂਆਂ ਵਿਚਾਲੇ ਤੋਹਮਤਬਾਜ਼ੀ ਦਾ ਦੌਰ ਜ਼ੋਰ ਫੜਦਾ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਕਾਰਨ ਪੰਜਾਬ 'ਚ ਬਣੇ ਮਾਹੌਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਕੈਪਟਨ 'ਤੇ ਕੇਂਦਰ ਨਾਲ ਫਰੈਂਡਲੀ ਮੈਚ ਖੇਡਣ ਦੇ ਦੋਸ਼ ਲਾਉਂਦਿਆ ਹਰਸਮਿਰਤ ਕੌਰ ਮੁਤਾਬਕ ਨੇ ਕਿਹਾ ਕਿ ਖੇਤੀ ਕਾਨੂੰਨ ਇਸ ਸਾਲ ਹੀ ਨਹੀਂ ਆਏ ਸਗੋਂ ਪਿਛਲੇ ਸਾਲ ਦੇ ਆਏ ਹੋਏ ਹਨ। ਉਨ੍ਹਾਂ ਕਿਹਾ ਜਦੋਂ ਕੇਂਦਰ ਸਰਕਾਰ ਨੇ ਰਾਇ ਮੰਗੀ ਗਈ ਸੀ ਤਾਂ ਮੌਜੂਦਾ ਪੰਜਾਬ ਸਰਕਾਰ ਸਹਿਮਤੀ ਦੇ ਕੇ ਆਈ ਸੀ।

ਹਰਸਮਿਰਤ ਨੇ ਕਿਹਾ ਅਸੀਂ ਕਿਸਾਨਾਂ ਦੇ ਹੱਕ ਵਿਚ ਪਹਿਲਾਂ ਆਪਣੀ ਕੁਰਸੀ ਛੱਡੀ, ਉਸ ਤੋਂ ਬਾਅਦ ਗੱਠਜੋੜ ਤੋੜ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਹਰਸਮਿਰਤ ਨੇ ਕਿਹਾ ਅਫ਼ਸੋਸ ਅੱਜ ਇਸ ਗੱਲ ਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਆਏ ਦਿਨ ਡਰਾਮਾ ਕਰ ਰਹੀ ਹੈ।

ਪਹਿਲਾਂ ਵਿਧਾਨ ਸਭਾ ਵਿਚ ਡਰਾਮਾ ਰਚਿਆ, ਦੂਜਾ ਡਰਾਮਾ ਇਨ੍ਹਾਂ ਦੇ ਸੰਸਦ ਮੈਂਬਰਾਂ ਨੇ ਕੀਤਾ ਜੋ ਕਿ ਸੰਸਦ 'ਚ ਬਿਨਾਂ ਆਪਣੀ ਆਵਾਜ਼ ਉਠਾਏ ਪਾਰਲੀਮੈਂਟ ਤੋਂ ਬਾਹਰ ਚਲੇ ਗਏ ਸੀ। ਹਰਸਮਿਰਤ ਨੇ ਕਿਹਾ ਕੁਝ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਕੋਲਾ ਖ਼ਤਮ ਹੋਵੇਗਾ, ਪੰਜਾਬ ਵਿਚ ਬਿਜਲੀ ਬੰਦ ਹੋ ਜਾਵੇਗੀ ਪਰ ਅੱਜ ਤਕ ਕੋਲਾ ਖ਼ਤਮ ਨਹੀਂ ਹੋਇਆ।

ਕੈਪਟਨ 'ਤੇ ਤੰਜ ਕੱਸਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ 'ਦਿੱਲੀ ਵਿਖੇ ਤਮਾਸ਼ਬੀਨ ਰੂਪ ਵਿਚ ਧਰਨਾ ਦਿੱਤਾ ਤੇ ਰੇਲ ਮੰਤਰੀ ਨੂੰ ਮਿਲਣ ਵਾਸਤੇ ਆਪਣੇ ਐਮਪੀ ਨੂੰ ਭੇਜਿਆ।' ਹਰਸਿਮਰਤ ਨੇ ਕਿਹਾ ਬਹੁਤ ਸਾਰੀ ਦਿੱਕਤਾਂ ਕਿਸਾਨਾਂ ਨੂੰ ਆ ਰਹੀਆਂ ਹਨ। ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਰੇਲ ਮੰਤਰੀ ਅੱਗੇ ਜਾ ਕੇ ਇਹ ਮੰਗਾਂ ਰੱਖਦੇ।  ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਦਬਾਅ ਪਾਉਣਾ ਚਾਹੀਦਾ ਸੀ ਕਿ ਪੰਜਾਬ ਵਿਚ ਕਿਸਾਨਾਂ ਨੇ ਧਰਨਾ ਚੁੱਕ ਲਿਆ ਹੈ ਅਤੇ ਤੁਸੀਂ ਪੰਜਾਬ ਵਿਚ ਮਾਲ ਗੱਡੀਆਂ ਭੇਜੋ। ਉਨ੍ਹਾਂ ਕਿਹਾ ਸਿਰਫ਼ ਇਕ ਦਿਖਾਵੇ ਦਾ ਧਰਨਾ ਕਰਕੇ ਮੁੱਖ ਮੰਤਰੀ ਸਾਹਿਬ ਵਾਪਸ ਆ ਗਏ ਹਨ।