ਖੇਤੀ ਬਿੱਲ: ਚੱਕਾ ਜਾਮ 'ਚ ਸ਼ਾਮਲ ਹੋਣ ਲਈ ਟਰੈਕਟਰ 'ਤੇ ਨਿਕਲੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ 'ਤੇ ਵੀ ਸਾਧੇ ਨਿਸ਼ਾਨੇ

Sukhbir Badal

ਸ੍ਰੀ ਮੁਕਤਸਰ ਸਾਹਿਬ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ ਭਰ ਦੇ ਕਿਸਾਨ ਸੜਕਾਂ 'ਤੇ ਹਨ। ਇਸੇ ਦੌਰਾਨ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਹੱਕ 'ਚ ਨਿੱਤਰ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਪੰਜਾਬ ਬੰਦ ਦੇ ਦੌਰਾਨ ਅਪਣਾ ਵੱਖਰਾ ਸੰਘਰਸ਼ ਐਲਾਨਿਆ ਹੈ। ਅੱਜ ਲੰਬੀ ਵਿਖੇ ਲਗਾਏ ਗਏ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਅਤੇ ਅਕਾਲੀ ਆਗੂਆਂ ਸਮੇਤ ਟਰੈਕਟਰ 'ਤੇ ਸਵਾਰ ਹੋ ਕੇ ਪਹੁੰਚੇ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ  ਜਦੋਂ ਤਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਬਿੱਲਾਂ ਵਾਪਸ ਨਹੀਂ ਲੈਂਦੀ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।

ਅਕਾਲੀ ਵਰਕਰਾਂ ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਅਪਣੇ ਕੇਂਦਰੀ ਮੰਤਰੀ ਦੇ ਅਸਤੀਫ਼ੇ ਤੋਂ ਇਲਾਵਾ ਬਿੱਲ ਦੀ ਤਿਆਰੀ ਦੌਰਾਨ ਅਪਣੇ ਵਲੋਂ ਚੁੱਕੀ ਗਈ ਆਵਾਜ਼ ਦਾ ਜ਼ਿਕਰ ਕਰਨ ਦੇ ਨਾਲ ਨਾਲ ਸੂਬੇ ਦੀ ਕੈਪਟਨ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਹਰਸਿਮਰਤ ਕੌਰ ਬਾਦਲ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਨੂੰ ਇਨ੍ਹਾਂ ਬਿੱਲਾਂ ਦੀ ਤਿਆਰੀ ਸਬੰਧੀ ਕਾਫ਼ੀ ਸਮਾਂ ਪਹਿਲਾਂ ਪਤਾ ਲੱਗ ਗਿਆ ਸੀ ਪਰ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਇਸ ਸਬੰਧੀ ਹਨੇਰੇ 'ਚ ਰੱਖਿਆ ਹੈ।

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲੀ ਦਲ ਵਲੋਂ ਕਿਸਾਨਾਂ ਲਈ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਕੈਪਟਨ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਸੁਖਬੀਰ ਬਾਦਲ ਨੇ ਕੈਪਟਨ ਦਾ ਤਖ਼ਤ ਹਿਲਾਉਣ ਖ਼ਾਤਰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਅਕਾਲੀ ਦਲ ਵਲੋਂ ਪਹਿਲੀ ਅਕਤੂਬਰ ਨੂੰ ਵੀ ਦਿੱਲੀ ਦੀ ਥਾਂ ਚੰਡੀਗੜ੍ਹ 'ਚ ਧਰਨੇ ਪ੍ਰਦਰਸ਼ਨ ਕੀਤਾ ਜਾਵੇਗਾ।